ਕਟਕ : ਉਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਦੁਨੀਆ ਦਾ ‘ਨੰਬਰ ਵਨ’ ਦੇਸ਼ ਬਣਨਾ ਚਾਹੁੰਦਾ ਹੈ, ਤਾਂ ਜੋ ਕੋਈ ਹੋਰ ਦੇਸ਼ ਉਸ ’ਤੇ ਆਪਣੀਆਂ ਸ਼ਰਤਾਂ ਨਾ ਥੋਪ ਸਕੇ। ਰਾਧਾਕ੍ਰਿਸ਼ਨਨ ਨੇ ਇੱਥੇ ਸ਼੍ਰੀ ਸ਼੍ਰੀ ਯੂਨੀਵਰਸਿਟੀ ਦੇ ਕੈਂਪਸ ਵਿਚ ਨਵੀਂ ‘ਆਈਕਾਨਿਕ ਟਾਵਰ’ ਵਿਦਿਅਕ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਹਰ ਕਿਸੇ ਦੇ ਮਨ ਵਿਚ ਇਕ ਸਵਾਲ ਹੈ: ਅਸੀਂ ਦੁਨੀਆ ਦਾ ਨੰਬਰ ਵਨ ਰਾਸ਼ਟਰ ਕਿਉਂ ਬਣਨਾ ਚਾਹੁੰਦੇ ਹਾਂ? ਇਸ ਦੇ ਪਿੱਛੇ ਇਕ ਸੌਖੀ, ਸਪੱਸ਼ਟ ਅਤੇ ਸੱਭਿਆਚਾਰਕ ਵਿਚਾਰ ਇਹ ਹੈ ਕਿ ਅਸੀਂ ਦੂਜਿਆਂ ’ਤੇ ਆਪਣੀਆਂ ਸ਼ਰਤਾਂ ਨਹੀਂ ਥੋਪਣਾ ਚਾਹੁੰਦੇ ਪਰ ਕਿਸੇ ਨੂੰ ਵੀ ਸਾਡੀ ‘ਭਾਰਤ ਮਾਤਾ’ ’ਤੇ ਵੀ ਬੇਲੋੜੀਆਂ ਸ਼ਰਤਾਂ ਨਹੀਂ ਥੋਪਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਇਕ ਵਿਕਸਤ ਭਾਰਤ ਆਪਣੀ ਆਜ਼ਾਦੀ ਦੀ ਸ਼ਤਾਬਦੀ ਆਤਮ-ਵਿਸ਼ਵਾਸ, ਸਮਰੱਥਾ ਅਤੇ ਆਲਮੀ ਅਗਵਾਈ ਦੇ ਨਾਲ ਮਨਾਉਣਾ ਚਾਹੁੰਦਾ ਹੈ।
ਉਪ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਦੂਜਿਆਂ ਦੀ ਮਦਦ ਕਰਨਾ ਸਾਡੇ ਸੱਭਿਆਚਾਰ ਦਾ ਇਕ ਬਹੁਤ ਹੀ ਅਹਿਮ ਹਿੱਸਾ ਹੈ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਵੀ ਸਾਡੇ ਸੱਭਿਆਚਾਰ ਦਾ ਮੂਲ ਤੱਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰਾਸ਼ਟਰੀ ਇੱਛਾ (ਟੀਚੇ) ਨੂੰ ਹਾਸਲ ਕਰਨ ਵਿਚ ਵਿਦਿਅਕ ਅਦਾਰਿਆਂ ਦੀ ਪਰਿਵਰਤਨਸ਼ੀਲ ਭੂਮਿਕਾ ’ਤੇ ਵਾਰ-ਵਾਰ ਜ਼ੋਰ ਦਿੱਤਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਯਤਨਾਂ ਸਦਕਾ ਪਿਛਲੇ 12 ਸਾਲਾਂ ਵਿਚ ਉੱਚ ਸਿੱਖਿਆ ਦੇ ਖੇਤਰ ਵਿਚ ਜ਼ਬਰਦਸਤ ਵਿਸਥਾਰ ਹੋਇਆ ਹੈ। ਰਾਧਾਕ੍ਰਿਸ਼ਨਨ ਨੇ ਦੱਸਿਆ ਕਿ 2014 ਵਿਚ ਯੂਨੀਵਰਸਿਟੀਆਂ ਦੀ ਗਿਣਤੀ 760 ਸੀ, ਜੋ ਹੁਣ ਵਧ ਕੇ 1,400 ਹੋ ਗਈ ਹੈ।