ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਖੇਤਰ ਟ੍ਰਾਂਸਪੋਰਟ ਕਾਰਪੋਰੇਸ਼ਨ 16 ਨਵੰਬਰ ਤੋਂ ਸਵੇਰ ਤੇ ਸ਼ਾਮ ਦੇ ਪੀਕ ਘੰਟਿਆਂ ਦੌਰਾਨ 8 ਵਾਧੂ ਨਮੋ ਭਾਰਤ ਤੇਜ਼ ਰੇਲਗੱਡੀਆਂ ਸ਼ੁਰੂ ਕਰੇਗੀ, ਜਿਸ ਨਾਲ ਆਨੰਦ ਵਿਹਾਰ ਤੇ ਗਾਜ਼ੀਆਬਾਦ ਦਰਮਿਆਨ ਸਫਰ ਦਾ ਸਮਾਂ ਸਿਰਫ਼ 8 ਮਿੰਟ ਰਹਿ ਜਾਵੇਗਾ। ਕਾਰਪੋਰੇਸ਼ਨ ਨੇ ਕਿਹਾ ਕਿ ਇਹ ਰੇਲਗੱਡੀਆਂ ਘੱਟ ਸਟਾਪਾਂ ਵਾਲੀਆਂ ਹਨ ਤੇ ਦਿੱਲੀ-ਮੇਰਠ ਕਾਰੀਡੋਰ ’ਤੇ ਚੱਲਣਗੀਆਂ। ਆਨੰਦ ਵਿਹਾਰ ਤੋਂ ਬੇਗਮਪੁਲ ਦੀ ਦੂਰੀ 36 ਮਿੰਟਾਂ ’ਚ ਅਤੇ ਗਾਜ਼ੀਆਬਾਦ ਤੋਂ ਬੇਗਮਪੁਲ ਦੀ ਦੂਰੀ 28 ਮਿੰਟਾਂ ’ਚ ਪੂਰੀ ਕੀਤੀ ਜਾਏਗੀ। ਪੂਰਾ ਕਾਰੀਡੋਰ 50 ਮਿੰਟਾਂ ਤੋਂ ਵੀ ਘੱਟ ਸਮੇਂ ’ਚ ਪੂਰਾ ਕੀਤਾ ਜਾਵੇਗਾ।
ਇਸ ’ਚ ਕਿਹਾ ਗਿਆ ਹੈ ਕਿ ਸਫਰ ਦੇ ਸਮੇਂ ਨੂੰ ਘਟਾਉਣ ਲਈ ਇਹ ਤੇਜ਼ ਰੇਲਗੱਡੀਆਂ ਸਿਰਫ਼ 5 ਸਟੇਸ਼ਨਾਂ ਸਰਾਏ ਕਾਲੇ ਖਾਨ, ਆਨੰਦ ਵਿਹਾਰ, ਗਾਜ਼ੀਆਬਾਦ, ਬੇਗਮਪੁਲ ਤੇ ਮੋਦੀਪੁਰਮ ਵਿਖੇ ਰੁਕਣਗੀਆਂ। ਇਸ ਨਾਲ ਪੇਸ਼ੇਵਰਾਂ, ਕੰਮ ਕਰਨ ਵਾਲਿਆਂ ਤੇ ਵਿਦਿਆਰਥੀਆਂ ਲਈ ਪੀਕ ਘੰਟਿਆਂ ਦੌਰਾਨ ਸਫਰ ਕਰਨ ਲਈ ਖਾਸ ਤੌਰ ’ਤੇ ਸੌਖਾ ਹੋਵੇਗਾ। ਸਵੇਰ ਦੇ ਭੀੜ-ਭੜੱਕੇ ਵਾਲੇ ਸਮੇਂ ਦੌਰਾਨ 2-2 ਰੇਲਗੱਡੀਆਂ ਸਰਾਏ ਕਾਲੇ ਖਾਨ ਤੇ ਮੋਦੀਪੁਰਮ ਤੋਂ ਦੋਵਾਂ ਦਿਸ਼ਾਵਾਂ ’ਚ ਸਵੇਰੇ 8 ਵਜੇ ਅਤੇ 8:30 ਵਜੇ ਰਵਾਨਾ ਹੋਣਗੀਆਂ। ਸ਼ਾਮ ਨੂੰ ਵਾਧੂ ਰੇਲਗੱਡੀਆਂ ਦੋਵਾਂ ਟਰਮੀਨਲ ਸਟੇਸ਼ਨਾਂ ਤੋਂ ਸ਼ਾਮ 6 ਵਜੇ ਤੇ ਸ਼ਾਮ 6:30 ਵਜੇ ਰਵਾਨਾ ਹੋਣਗੀਆਂ। 8 ਵਾਧੂ ਰੇਲਗੱਡੀਆਂ ਨਿਯਮਤ ਨਮੋ ਭਾਰਤ ਸੇਵਾਵਾਂ ਦੇ ਨਾਲ-ਨਾਲ ਚੱਲਣਗੀਆਂ। ਨਿਯਮਤ ਰੇਲਗੱਡੀਆਂ ਪਹਿਲਾਂ ਵਾਂਗ ਹਰ 10-10 ਮਿੰਟ ਦੇ ਫਰਕ ’ਤੇ ਚੱਲਦੀਆਂ ਰਹਿਣਗੀਆਂ।