ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮਿਸ਼ਨ ਸ਼ਕਤੀ ਦੀ ਪਾਲਨਾ ਸਕੀਮ ਤਹਿਤ ਸੈਕਟਰ 7 ’ਚ ਲੋਕ ਭਵਨ ਕਰੈੱਚ ਦਾ ਉਦਘਾਟਨ ਕੀਤਾ। ਇਸ ਕਰੈੱਚ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਚੰਡੀਗੜ੍ਹ ’ਚ ਪਹਿਲੀ ਵਾਰ ਮਾਪਿਆਂ ਨੂੰ ਸੀ. ਸੀ. ਟੀ. ਵੀ. ਰਾਹੀਂ ਬੱਚਿਆਂ ਨੂੰ ਦੇਖਣ ਦੀ ਸਹੂਲਤ ਦਿੱਤੀ ਗਈ ਹੈ, ਜੋ ਕਿ ਕੰਮਕਾਜੀ ਮਾਪਿਆਂ ਲਈ ਇਕ ਵੱਡੀ ਰਾਹਤ ਹੈ। ਇਸ ਨਵੀਂ ਸਹੂਲਤ ਤਹਿਤ ਮਾਪੇ ਜਾਂ ਸਰਪ੍ਰਸਤ ਅਗਾਊਂ ਸਹਿਮਤੀ ਨਾਲ ਕਰੈੱਚ ਦੇ ਕੰਮਕਾਜੀ ਘੰਟਿਆਂ ਦੌਰਾਨ ਸੁਰੱਖਿਅਤ ਸੀ. ਸੀ. ਟੀ. ਵੀ. ਪਹੁੰਚ ਰਾਹੀਂ ਆਪਣੇ ਬੱਚਿਆਂ ਨੂੰ ਲਾਈਵ ਦੇਖ ਸਕਣਗੇ। ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਇਹ ਅਹਿਮ ਪਹਿਲ ਆਉਣ ਵਾਲੇ ਸਮੇਂ ’ਚ ਸ਼ਹਿਰ ਦੇ ਹੋਰ ਕਰੈੱਚ ਸੈਂਟਰਾਂ ਵਿੱਚ ਵੀ ਲਾਗੂ ਕੀਤੀ ਜਾਵੇਗੀ।
ਉਦਘਾਟਨੀ ਸਮਾਗਮ ਦੌਰਾਨ ਰਾਜਪਾਲ ਨੇ ਨਵੀਂ ਬਣਾਈ ਗਈ ‘ਪੋਸ਼ਣ ਵਾਟਿਕਾ’ ਦਾ ਦੌਰਾ ਕੀਤਾ ਤੇ ਪੌਦੇ ਲਗਾਉਣ ਦੀ ਮੁਹਿੰਮ ’ਚ ਵੀ ਹਿੱਸਾ ਲਿਆ। ਉਨ੍ਹਾਂ ਕਰੈੱਚ ਵਿਚਲੀਆਂ ਸਹੂਲਤਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਤੇ ਉੱਥੇ ਮੌਜੂਦ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ। ਸਮਾਗਮ ’ਚ ਸਕੱਤਰ ਹਰਪ੍ਰੀਤ ਸਿੰਘ ਸੂਦਨ ਤੇ ਸਮਾਜ ਭਲਾਈ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਨਵੀਨ ਸਮੇਤ ਕਈ ਸੀਨੀਅਰ ਅਧਿਕਾਰੀ, ਸਟਾਫ਼ ਮੈਂਬਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪਾਲਨਾ ਸਕੀਮ ਤਹਿਤ ਚੰਡੀਗੜ੍ਹ ਵਿੱਚ ਇਸ ਸਮੇਂ 210 ਆਂਗਨਵਾੜੀ-ਕਮ-ਕਰੈੱਚ ਚੱਲ ਰਹੇ ਹਨ। ਇਨ੍ਹਾਂ ਵਿੱਚੋਂ 18 ਮਾਡਲ ਕੇਂਦਰ ਹਨ, ਜਿਨ੍ਹਾਂ ਨੂੰ ਬੱਚਿਆਂ ਦੀ ਸੁਰੱਖਿਆ, ਸਫਾਈ, ਮੁਢਲੀ ਬਾਲ ਸੰਭਾਲ ਤੇ ਸਿੱਖਿਆ ਸਮੇਤ ਪੋਸ਼ਣ ਦੇ ਮਿਆਰੀ ਬੈਂਚਮਾਰਕ ਕੇਂਦਰਾਂ ਵਜੋਂ ਵਿਕਸਿਤ ਕੀਤਾ ਗਿਆ ਹੈ।