ਚਾਲੂ ਵਿੱਤੀ ਸਾਲ 2025-26 ਦੌਰਾਨ ਚੀਨ ਭਾਰਤ ਲਈ ਇਕ ਪ੍ਰਮੁੱਖ ਬਰਾਮਦ ਮੰਜ਼ਿਲ ਦੇ ਰੂਪ ’ਚ ਤੇਜ਼ੀ ਨਾਲ ਉਭਰਿਆ ਹੈ। ਅਪ੍ਰੈਲ ਤੋਂ ਨਵੰਬਰ ਦੀ ਮਿਆਦ ’ਚ ਚੀਨ ਨੂੰ ਭਾਰਤ ਦੀ ਬਰਾਮਦ 33 ਫੀਸਦੀ ਵਧ ਕੇ 12.22 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਈ ਹੈ। ਵਣਜ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਇਹ ਵਾਧਾ ਭਾਰਤ-ਚੀਨ ਦੋਪੱਖੀ ਵਪਾਰ ’ਚ ਢਾਂਚਾਗਤ ਬਦਲਾਅ ਦਾ ਸੰਕੇਤ ਦਿੰਦਾ ਹੈ।
ਅੰਕੜਿਆਂ ਮੁਤਾਬਕ ਇਸ ਤੇਜ਼ੀ ਦੇ ਪਿੱਛੇ ਤੇਲ ਖਲ, ਸਮੁੰਦਰੀ ਉਤਪਾਦ, ਦੂਰਸੰਚਾਰ ਉਪਕਰਣ, ਇਲੈਕਟ੍ਰਾਨਿਕਸ ਅਤੇ ਮਸਾਲਿਆਂ ਦੀ ਬਰਾਮਦ ’ਚ ਆਈ ਮਜ਼ਬੂਤੀ ਪ੍ਰਮੁੱਖ ਕਾਰਨ ਰਹੀ ਹੈ। ਪਿਛਲੇ ਸਾਲ ਇਸੇ ਮਿਆਦ ’ਚ ਭਾਰਤ ਦੀ ਚੀਨ ਨੂੰ ਬਰਾਮਦ 9.2 ਅਰਬ ਡਾਲਰ ਸੀ, ਜਦੋਂਕਿ 2023-24 ’ਚ ਇਹ 10.28 ਅਰਬ ਡਾਲਰ ਰਹੀ ਸੀ। 4 ਸਾਲਾਂ ’ਚ ਇਹ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ।
ਇਲੈਕਟ੍ਰਾਨਿਕ ਖੇਤਰ ’ਚ ਪਾਪੂਲੇਟਿਡ ਪ੍ਰਿੰਟਿਡ ਸਰਕਟ ਬੋਰਡ, ਫਲੈਟ ਪੈਨਲ ਡਿਸਪਲੇਅ ਮਾਡਿਊਲ ਅਤੇ ਟੈਲੀਫੋਨੀ ਉਪਕਰਣਾਂ ਦੀ ਬਰਾਮਦ ’ਚ ਜ਼ਿਕਰਯੋਗ ਉਛਾਲ ਦਰਜ ਕੀਤਾ ਗਿਆ। ਉੱਥੇ ਹੀ ਖੇਤੀਬਾੜੀ ਅਤੇ ਸਮੁੰਦਰੀ ਉਤਪਾਦਾਂ ’ਚ ਸੁੱਕੀ ਮਿਰਚ, ਝੀਂਗਾ, ਹਰੀ ਮੂੰਗੀ ਅਤੇ ਤੇਲ ਖਲ ਪ੍ਰਮੁੱਖ ਰਹੇ।
ਇਕ ਅਧਿਕਾਰੀ ਨੇ ਕਿਹਾ ਕਿ ਇਹ ਵਾਧਾ ਕਿਸੇ ਇਕ ਖੇਤਰ ਤੱਕ ਸੀਮਤ ਨਹੀਂ ਹੈ। ਬਰਾਮਦਕਾਰਾਂ ਅਨੁਸਾਰ ਅਮਰੀਕੀ ਬਾਜ਼ਾਰ ’ਚ ਉੱਚੇ ਟੈਕਸਾਂ ਕਾਰਨ ਭਾਰਤੀ ਉਦਯੋਗ ਨਵੇਂ ਮੌਕਿਆਂ ਦੀ ਭਾਲ ’ਚ ਚੀਨ ਵਰਗੇ ਬਾਜ਼ਾਰਾਂ ਵੱਲ ਰੁਖ ਕਰ ਰਿਹਾ ਹੈ।