ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 11 ਜਨਵਰੀ 2026 ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ। ਟੀਮ ਇੰਡੀਆ ਦੇ ਸਟਾਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੈੱਟ ਪ੍ਰੈਕਟਿਸ ਦੌਰਾਨ ਜ਼ਖ਼ਮੀ ਹੋ ਗਏ ਹਨ।
ਸੂਤਰਾਂ ਮੁਤਾਬਕ, ਰਿਸ਼ਭ ਪੰਤ ਵਡੋਦਰਾ ਵਿਖੇ ਅਭਿਆਸ ਕਰ ਰਹੇ ਸਨ। ਉਹ ਕਰੀਬ 50 ਮਿੰਟਾਂ ਤੋਂ ਬੇਹੱਦ ਆਕ੍ਰਮਕ ਅੰਦਾਜ਼ ਵਿੱਚ ਬੱਲੇਬਾਜ਼ੀ ਕਰ ਰਹੇ ਸਨ ਪਰ ਇਸੇ ਦੌਰਾਨ ਇੱਕ ਤੇਜ਼ ਗੇਂਦ ਉਨ੍ਹਾਂ ਦੀ ਕਮਰ (ਵੇਸਟ) ਦੇ ਕੋਲ ਲੱਗੀ। ਗੇਂਦ ਲੱਗਣ ਤੋਂ ਤੁਰੰਤ ਬਾਅਦ ਪੰਤ ਦਰਦ ਨਾਲ ਕਰਾਹ ਉੱਠੇ ਅਤੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।
ਫਿਲਹਾਲ ਟੀਮ ਮੈਨੇਜਮੈਂਟ ਜਾਂ ਬੀ.ਸੀ.ਸੀ.ਆਈ. ਵੱਲੋਂ ਸੱਟ ਦੀ ਗੰਭੀਰਤਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਟੀਮ ਪ੍ਰਬੰਧਨ ਉਨ੍ਹਾਂ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਜੇਕਰ ਇਹ ਸੱਟ ਗੰਭੀਰ ਹੋਈ ਤਾਂ ਉਹ ਸੀਰੀਜ਼ ਦੇ ਪਹਿਲੇ ਮੈਚ ਤੋਂ ਬਾਹਰ ਹੋ ਸਕਦੇ ਹਨ। ਟੀਮ ਵਿੱਚ ਉਹ ਕੇ.ਐਲ. ਰਾਹੁਲ ਤੋਂ ਬਾਅਦ ਦੂਜੇ ਵਿਕਟਕੀਪਰ ਵਜੋਂ ਸ਼ਾਮਲ ਹਨ, ਇਸ ਲਈ ਉਨ੍ਹਾਂ ਦਾ ਜ਼ਖ਼ਮੀ ਹੋਣਾ ਟੀਮ ਲਈ ਸਿਰਦਰਦੀ ਬਣ ਸਕਦਾ ਹੈ।
ਇੰਗਲੈਂਡ ਦੌਰੇ 'ਤੇ ਵੀ ਲੱਗੀ ਸੀ ਸੱਟ
ਜ਼ਿਕਰਯੋਗ ਹੈ ਕਿ ਰਿਸ਼ਭ ਪੰਤ ਦਾ ਸੱਟਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਸਾਲ 2025 ਵਿੱਚ ਇੰਗਲੈਂਡ ਦੌਰੇ ਦੌਰਾਨ ਵੀ ਉਨ੍ਹਾਂ ਨੂੰ ਲੋਰਡਸ ਟੈਸਟ ਵਿੱਚ ਹੱਥ ਦੀ ਉਂਗਲ ਅਤੇ ਮੈਨਚੈਸਟਰ ਟੈਸਟ ਵਿੱਚ ਪੈਰ 'ਤੇ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਨ੍ਹਾਂ ਨੂੰ ਫਰੈਕਚਰ ਹੋ ਗਿਆ ਸੀ ਅਤੇ ਲੰਬਾ ਸਮਾਂ ਮੈਦਾਨ ਤੋਂ ਦੂਰ ਰਹਿਣਾ ਪਿਆ ਸੀ। ਹੁਣ ਨਵੀਂ ਸੀਰੀਜ਼ ਤੋਂ ਠੀਕ ਪਹਿਲਾਂ ਦੁਬਾਰਾ ਸੱਟ ਲੱਗਣ ਕਾਰਨ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।