ਨਿਊਯਾਰਕ : ਵੈਨੇਜ਼ੁਏਲਾ ਦੇ ਅਹੁਦੇ ਤੋਂ ਹਟਾਏ ਗਏ ਰਾਸ਼ਟਰਪਤੀ ਨਿਕੋਲਸ ਮਾਦੁਰੋ 'ਤੇ ਅਮਰੀਕੀ ਅਦਾਲਤ ਵਿੱਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਇਸ ਅਹਿਮ ਮਾਮਲੇ ਵਿੱਚ ਅਦਾਲਤ ਅੰਦਰ ਮਾਦੁਰੋ ਦੀ ਨੁਮਾਇੰਦਗੀ ਕੌਣ ਕਰੇਗਾ, ਇਸ ਗੱਲ ਨੂੰ ਲੈ ਕੇ ਦੋ ਮਸ਼ਹੂਰ ਵਕੀਲਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ ਹੈ।
ਕਾਨੂੰਨੀ ਟੀਮ 'ਚ ਸ਼ਮੂਲੀਅਤ ਨੂੰ ਲੈ ਕੇ ਟਕਰਾਅ
ਮਾਦੁਰੋ ਦੇ ਮੌਜੂਦਾ ਬਚਾਅ ਪੱਖ ਦੇ ਵਕੀਲ ਬੈਰੀ ਪੋਲਾਕ ਨੇ ਇਲਜ਼ਾਮ ਲਾਇਆ ਹੈ ਕਿ ਇੱਕ ਹੋਰ ਵਕੀਲ, ਬਰੂਸ ਫਾਈਨ, ਬਿਨਾਂ ਇਜਾਜ਼ਤ ਇਸ ਮਾਮਲੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ, ਬਰੂਸ ਫਾਈਨ, ਜੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਸਮੇਂ ਉਪ-ਅਟਾਰਨੀ ਜਨਰਲ ਰਹਿ ਚੁੱਕੇ ਹਨ, ਦਾ ਕਹਿਣਾ ਹੈ ਕਿ ਮਾਦੁਰੋ ਦੇ ਪਰਿਵਾਰ ਅਤੇ ਕਰੀਬੀ ਲੋਕਾਂ ਨੇ ਉਨ੍ਹਾਂ ਤੋਂ ਮਦਦ ਮੰਗੀ ਸੀ। ਫਾਈਨ ਅਨੁਸਾਰ ਇਹ ਲੋਕ ਚਾਹੁੰਦੇ ਸਨ ਕਿ ਮਾਦੁਰੋ ਆਪਣੀ ਗ੍ਰਿਫ਼ਤਾਰੀ ਅਤੇ ਅਪਰਾਧਿਕ ਮਾਮਲੇ ਦੀ ਗੰਭੀਰ ਸਥਿਤੀ ਨੂੰ ਸਮਝ ਸਕਣ।
ਕੋਕੀਨ ਤਸਕਰੀ ਦੇ ਲੱਗੇ ਨੇ ਵੱਡੇ ਇਲਜ਼ਾਮ
ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲਿਆ ਫਲੋਰੇਸ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਦੇ ਗਿਰੋਹਾਂ ਨਾਲ ਮਿਲ ਕੇ ਅਮਰੀਕਾ ਵਿੱਚ ਹਜ਼ਾਰਾਂ ਟਨ ਕੋਕੀਨ ਦੀ ਤਸਕਰੀ ਵਿੱਚ ਮਦਦ ਕੀਤੀ ਸੀ। ਦੱਸ ਦੇਈਏ ਕਿ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਅਮਰੀਕੀ ਵਿਸ਼ੇਸ਼ ਬਲਾਂ ਨੇ ਕਾਰਾਕਸ ਸਥਿਤ ਉਨ੍ਹਾਂ ਦੇ ਨਿਵਾਸ ਤੋਂ ਹਿਰਾਸਤ ਵਿੱਚ ਲਿਆ ਸੀ। ਹਾਲਾਂਕਿ, ਮਾਦੁਰੋ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਬ੍ਰੁਕਲਿਨ ਦੀ ਜੇਲ੍ਹ 'ਚ ਬੰਦ ਹੈ ਮਾਦੁਰੋ
ਫਿਲਹਾਲ ਮਾਦੁਰੋ ਬ੍ਰੁਕਲਿਨ ਦੀ ਇੱਕ ਸੰਘੀ ਜੇਲ੍ਹ ਵਿੱਚ ਬੰਦ ਹੈ। ਵਕੀਲ ਬਰੂਸ ਫਾਈਨ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦਾ ਮਾਦੁਰੋ ਨਾਲ ਫੋਨ ਜਾਂ ਵੀਡੀਓ ਰਾਹੀਂ ਸਿੱਧਾ ਸੰਪਰਕ ਨਹੀਂ ਹੋਇਆ ਹੈ, ਪਰ ਉਨ੍ਹਾਂ ਨੇ ਇਸ ਮਾਮਲੇ ਵਿੱਚ ਮਦਦ ਲੈਣ ਦੀ ਇੱਛਾ ਜਤਾਈ ਸੀ। ਦੂਜੇ ਪਾਸੇ ਪੋਲਾਕ ਨੇ ਜੱਜ ਨੂੰ ਫਾਈਨ ਦੀ ਨਿਯੁਕਤੀ ਰੱਦ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਉਨ੍ਹਾਂ ਮੁਤਾਬਕ ਫਾਈਨ ਮਾਦੁਰੋ ਦੇ ਅਧਿਕਾਰਤ ਵਕੀਲ ਨਹੀਂ ਹਨ। ਸੋਮਵਾਰ ਨੂੰ ਮਾਦੁਰੋ ਵੱਲੋਂ ਅਦਾਲਤ ਵਿੱਚ ਸਿਰਫ਼ ਵਕੀਲ ਪੋਲਾਕ ਹੀ ਮੌਜੂਦ ਸਨ।