ਭਾਰਤ ਦੇ ਐਵੀਏਸ਼ਨ ਸੈਕਟਰ ’ਚ ਇਤਿਹਾਸਕ ਬਦਲਾਅ ਦੀ ਆਹਟ ਹੈ। ਅਡਾਣੀ ਗਰੁੱਪ ਨੇ ਬ੍ਰਾਜ਼ੀਲ ਦੀ ਜਹਾਜ਼ ਨਿਰਮਾਤਾ ਕੰਪਨੀ ਐਂਬ੍ਰਾਇਰ ਨਾਲ ਭਾਰਤ ’ਚ ਰੀਜਨਲ ਯਾਤਰੀ ਜਹਾਜ਼ ਬਣਾਉਣ ਦੀ ਦਿਸ਼ਾ ’ਚ ਵੱਡਾ ਕਦਮ ਉਠਾਇਆ ਹੈ।
ਇਸ ਸਾਂਝੇਦਾਰੀ ਤਹਿਤ 70 ਤੋਂ 146 ਯਾਤਰੀਆਂ ਦੀ ਸਮਰੱਥਾ ਵਾਲੇ ਸ਼ਾਰਟ ਅਤੇ ਮੀਡੀਅਮ ਰੂਟ ਜੈੱਟਸ ਦਾ ਨਿਰਮਾਣ ਕੀਤਾ ਜਾ ਸਕਦਾ ਹੈ, ਜਿਸ ਨਾਲ ਦੇਸ਼ ਦੀ ਖੇਤਰੀ ਹਵਾਈ ਕੁਨੈਕਟੀਵਿਟੀ ਨੂੰ ਜ਼ਬਰਦਸਤ ਮਜ਼ਬੂਤੀ ਮਿਲੇਗੀ।
ਹੈਦਰਾਬਾਦ ਏਅਰ ਸ਼ੋਅ ’ਚ ਐਲਾਨ ਸੰਭਵ
ਇਕ ਰਿਪੋਰਟ ਮੁਤਾਬਿਕ ਅਡਾਣੀ ਏਅਰੋਸਪੇਸ ਨੇ ਹਾਲ ਹੀ ’ਚ ਬ੍ਰਾਜ਼ੀਲ ’ਚ ਐਂਬ੍ਰਾਇਰ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ ਹਨ। ਇਸ ਸਾਂਝੇਦਾਰੀ ਦਾ ਰਸਮੀ ਐਲਾਨ ਇਸੇ ਮਹੀਨੇ ਹੈਦਰਾਬਾਦ ਏਅਰ ਸ਼ੋਅ ’ਚ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਅਜੇ ਫਾਈਨਲ ਅਸੈਂਬਲੀ ਲਾਈਨ ਦੀ ਲੋਕੇਸ਼ਨ, ਨਿਵੇਸ਼ ਰਾਸ਼ੀ ਅਤੇ ਸਮਾਂ-ਹੱਦ ਨੂੰ ਲੈ ਕੇ ਪੱਤੇ ਨਹੀਂ ਖੋਲ੍ਹੇ ਗਏ ਹਨ।
ਭਾਰਤ ਬਣ ਸਕਦੈ ਚੋਣਵਾਂ ਜਹਾਜ਼ ਨਿਰਮਾਤਾ
ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ, ਜਦੋਂ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਐਵੀਏਸ਼ਨ ਮਾਰਕੀਟ ਦੇ ਤੌਰ ’ਤੇ ਉੱਭਰ ਰਿਹਾ ਹੈ। ਘਰੇਲੂ ਏਅਰਲਾਈਨਜ਼ ਕੋਲ ਇਸ ਸਮੇਂ 1800 ਤੋਂ ਵੱਧ ਜਹਾਜ਼ਾਂ ਦੇ ਆਰਡਰ ਹਨ। ਸਰਕਾਰ ਵੀ ਚਾਹੁੰਦੀ ਹੈ ਕਿ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੀ ਕਤਾਰ ’ਚ ਸ਼ਾਮਲ ਹੋਵੇ, ਜਿੱਥੇ ਕਮਰਸ਼ੀਅਲ ਫਿਕਸਡ-ਵਿੰਗ ਏਅਰਕ੍ਰਾਫਟ ਦੀ ਫਾਈਨਲ ਅਸੈਂਬਲੀ ਲਾਈਨ ਮੌਜੂਦ ਹੈ।
ਏਅਰਬੱਸ-ਬੋਇੰਗ ਦੀ ਦੇਰੀ ਨਾਲ ਐਂਬ੍ਰਾਇਰ ਨੂੰ ਮੌਕਾ
ਰਿਪੋਰਟ ਮੁਤਾਬਿਕ ਏਅਰਬੱਸ ਅਤੇ ਬੋਇੰਗ ਦੇ ਸਿੰਗਲ-ਆਇਲ ਜਹਾਜ਼ ਦੀ ਡਲਿਵਰੀ ’ਚ ਲੰਮਾ ਇੰਤਜ਼ਾਰ ਹੋਣ ਕਾਰਨ ਐਂਬ੍ਰਾਇਰ ਦੇ ਰੀਜਨਲ ਜੈੱਟਸ ਭਾਰਤੀ ਬਾਜ਼ਾਰ ’ਚ ਮਜ਼ਬੂਤ ਬਦਲ ਬਣ ਸਕਦੇ ਹਨ। ਇਸ ਨਾਲ ਖਾਸ ਤੌਰ ’ਤੇ ਛੋਟੇ ਸ਼ਹਿਰਾਂ ਅਤੇ ਟੀਅਰ-2, ਟੀਅਰ-3 ਰੂਟਾਂ ਦੀ ਕੁਨੈਕਟੀਵਿਟੀ ਨੂੰ ਉਤਸ਼ਾਹ ਮਿਲੇਗਾ।
ਸਰਕਾਰੀ ਸਰੋਤਾਂ ਅਨੁਸਾਰ, ਭਾਰਤ ’ਚ ਬਣਨ ਵਾਲੇ ਜਹਾਜ਼ਾਂ ਦੇ ਆਰਡਰ ਨੂੰ ਉਤਸ਼ਾਹ ਦੇਣ ਲਈ ਫਿਸਕਲ ਇਨਸੈਂਟਿਵ ਦੇਣ ’ਤੇ ਵੀ ਵਿਚਾਰ ਚੱਲ ਰਿਹਾ ਹੈ। ਪ੍ਰਸਤਾਵ ਹੈ ਕਿ ਹਰ 50 ਜਹਾਜ਼ਾਂ ਦੇ ਆਰਡਰ ਤੋਂ ਬਾਅਦ ਇਨਸੈਂਟਿਵ ਦੀ ਦਰ ’ਚ ਕ੍ਰਮਵਾਰ ਕਟੌਤੀ ਕੀਤੀ ਜਾਵੇ।
20 ਸਾਲਾਂ ’ਚ 500 ਜਹਾਜ਼ਾਂ ਦੀ ਜ਼ਰੂਰਤ
ਐਂਬ੍ਰਾਇਰ ਦੇ ਕਰੀਬ 50 ਜਹਾਜ਼ ਪਹਿਲਾਂ ਹੀ ਭਾਰਤ ’ਚ ਕਮਰਸ਼ੀਅਲ, ਡਿਫੈਂਸ ਅਤੇ ਬਿਜ਼ਨੈੱਸ ਐਵੀਏਸ਼ਨ ਸੈਕਟਰ ’ਚ ਉਡਾਣ ਭਰ ਰਹੇ ਹਨ। ਕੰਪਨੀ ਭਾਰਤੀ ਸਬਸਿਡਰੀ ਘਰੇਲੂ ਮੰਗ ਨੂੰ ਦੇਖਦੇ ਹੋਏ ਆਪਣੇ ਕਾਰੋਬਾਰ ਦੇ ਵਿਸਤਾਰ ਦੀਆਂ ਸੰਭਾਵਨਾਵਾਂ ਭਾਲ ਰਹੀ ਹੈ।
ਐਂਬ੍ਰਾਇਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਊਲ ਵਿੱਲਾਰੋਨ ਨੇ ਕਿਹਾ ਕਿ ਆਉਣ ਵਾਲੇ 20 ਸਾਲਾਂ ’ਚ ਭਾਰਤ ਨੂੰ 80 ਤੋਂ 146 ਸੀਟਾਂ ਵਾਲੇ ਕਰੀਬ 500 ਜਹਾਜ਼ਾਂ ਦੀ ਜ਼ਰੂਰਤ ਹੋਵੇਗੀ। ਇਹੀ ਵਜ੍ਹਾ ਹੈ ਕਿ ਭਾਰਤ ’ਚ ਲੋਕਲ ਅਸੈਂਬਲੀ ਲਾਈਨ ਦੀ ਮੰਗ ਤੇਜ਼ੀ ਨਾਲ ਮਜ਼ਬੂਤ ਹੋ ਰਹੀ ਹੈ।