ਜਲੰਧਰ : ਸਾਲ 2013 ਵਿੱਚ ਬਾਲ ਬੁਆਏ ਵਜੋਂ ਸ਼ੁਰੂਆਤ ਕਰਨ ਤੋਂ ਲੈ ਕੇ ਭਾਰਤੀ ਪੁਰਸ਼ ਹਾਕੀ ਟੀਮ ਦੇ ਉਪ-ਕਪਤਾਨ ਬਣਨ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਹਾਰਦਿਕ ਸਿੰਘ ਦਾ ਮੰਨਣਾ ਹੈ ਕਿ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਆਯੋਜਨ ਭਾਰਤੀ ਹਾਕੀ ਦੀ ਨਰਸਰੀ ਕਹੇ ਜਾਣ ਵਾਲੇ ਪੰਜਾਬ ਲਈ ਇੱਕ ਵੱਡਾ ਤੋਹਫ਼ਾ ਹੈ। 17 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਜਲੰਧਰ ਅਤੇ ਮੋਹਾਲੀ ਵਿਖੇ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਨਾਲ ਪੰਜਾਬ ਵਿੱਚ ਅੰਤਰਰਾਸ਼ਟਰੀ ਹਾਕੀ ਦੀ ਵਾਪਸੀ ਹੋਈ ਹੈ, ਕਿਉਂਕਿ ਇਸ ਤੋਂ ਪਹਿਲਾਂ ਸਾਲ 2009 ਵਿੱਚ ਇੱਥੇ 'ਗੋਲਡ ਕੱਪ' ਅੰਤਰਰਾਸ਼ਟਰੀ ਟੂਰਨਾਮੈਂਟ ਖੇਡਿਆ ਗਿਆ ਸੀ।
28 ਸਾਲਾ ਹਾਰਦਿਕ ਸਿੰਘ, ਜਿਨ੍ਹਾਂ ਦੇ ਨਾਂ ਲਗਾਤਾਰ ਦੋ ਓਲੰਪਿਕ ਕਾਂਸੀ ਤਗਮੇ ਅਤੇ ਲਗਾਤਾਰ ਦੋ ਏਸ਼ੀਆਈ ਖੇਡਾਂ ਦੇ ਸੋਨ ਤਗਮੇ ਦਰਜ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੋਹਾਲੀ ਤੋਂ ਕੀਤੀ ਸੀ, ਜਿੱਥੇ ਹੁਣ ਟੂਰਨਾਮੈਂਟ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਖੇਡੇ ਜਾਣਗੇ। ਉਨ੍ਹਾਂ ਕਿਹਾ ਕਿ ਤਿੰਨ ਸਾਲ ਬਾਅਦ ਉਹ ਸੁਰਜੀਤ ਸਿੰਘ ਅਕੈਡਮੀ ਨਾਲ ਜੁੜੇ ਅਤੇ ਭਾਰਤ ਦੀ ਜੂਨੀਅਰ ਟੀਮ ਵਿੱਚ ਥਾਂ ਬਣਾਈ।
ਹਾਰਦਿਕ ਨੇ ਕਿਹਾ ਕਿ ਪੰਜਾਬ ਤੋਂ ਕਈ ਅੰਤਰਰਾਸ਼ਟਰੀ ਹਾਕੀ ਦਿੱਗਜ ਅਤੇ ਓਲੰਪਿਕ ਤਗਮਾ ਜੇਤੂ ਨਿਕਲੇ ਹਨ। ਸੂਬੇ ਵਿੱਚ ਅੰਤਰਰਾਸ਼ਟਰੀ ਹਾਕੀ ਦੀ ਵਾਪਸੀ ਨਾਲ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਕਾਫ਼ੀ ਪ੍ਰੇਰਨਾ ਮਿਲੇਗੀ। ਜ਼ਿਕਰਯੋਗ ਹੈ ਕਿ ਹਾਰਦਿਕ ਨੂੰ ਹਾਕੀ ਵਿਰਾਸਤ ਵਿੱਚ ਮਿਲੀ ਹੈ; ਉਨ੍ਹਾਂ ਦੇ ਦਾਦਾ ਪ੍ਰੀਤਮ ਸਿੰਘ ਭਾਰਤੀ ਨੌਸੈਨਾ ਦੇ ਸਾਬਕਾ ਹਾਕੀ ਕੋਚ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਮਾਮਾ ਤੇ ਸਾਬਕਾ ਡਰੈਗ-ਫਲਿੱਕਰ ਜੁਗਰਾਜ ਸਿੰਘ ਉਨ੍ਹਾਂ ਦੇ ਮੈਂਟਰ ਹਨ।