ਨਵੀਂ ਦਿੱਲੀ : ਭਾਜਪਾ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕੀਤੀ ਗਈ ‘ਪਿਓ’ ਵਾਲੀ ਟਿੱਪਣੀ ਦੇ ਵਿਰੋਧ ਵਿਚ ਸੋਸ਼ਲ ਮੀਡੀਆ ’ਤੇ ਆਪਣੀ ਮੁਹਿੰਮ ਤੇਜ਼ ਕਰਦਿਆਂ ਇਕ ਗੀਤ ਜਾਰੀ ਕੀਤਾ ਹੈ। ਇਸ ਗੀਤ ਵਿਚ ਕਿਹਾ ਗਿਆ ਹੈ ਕਿ ‘ਮੋਦੀ ਕਹੀਂ ਨਹੀਂ ਜਾਏਗਾ’, ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ। ਭਾਜਪਾ ਦੇ ਚੋਟੀ ਦੇ ਆਗੂਆਂ ਤੋਂ ਲੈ ਕੇ ਕੇਂਦਰੀ ਮੰਤਰੀਆਂ ਅਤੇ ਪਾਰਟੀ ਦੇ ਕਈ ਅਹੁਦੇਦਾਰਾਂ ਨੇ ‘ਐਕਸ’ ਤੇ ‘ਇੰਸਟਾਗ੍ਰਾਮ’ ਵਰਗੇ ਸੋਸ਼ਲ ਮੀਡੀਆ ਮੰਚਾਂ ’ਤੇ ਇਸ ਮੁੱਦੇ ਨੂੰ ਲੈ ਕੇ ਪੋਸਟਾਂ ਸਾਂਝੀਆਂ ਕੀਤੀਆਂ।
ਇਨ੍ਹਾਂ ਪੋਸਟਾਂ ਵਿਚ ਇਹ ਗੀਤ ਵੀ ਸਾਂਝਾ ਕੀਤਾ ਗਿਆ, ਜਿਸ ਵਿਚ ਮੋਦੀ ਦੀਆਂ ਵੱਖ-ਵੱਖ ਤਸਵੀਰਾਂ ਦਿਖਾਈਆਂ ਗਈਆਂ ਹਨ। ਗੀਤ ਵਿਚ ਕਾਂਗਰਸ ’ਤੇ ਨਿਸ਼ਾਨਾ ਲਾਉਂਦੇ ਹੋਏ ਵਾਰ-ਵਾਰ ਕਿਹਾ ਗਿਆ ਹੈ, ‘‘ਮੋਦੀ ਕਹੀਂ ਨਹੀਂ ਜਾਏਗਾ।’’ ਗੀਤ ਦੇ ਬੋਲ ਹਨ, ‘‘...ਆਂਖੇਂ ਝੁਕਾ ਲੋ, ਕਾਨ ਖੋਲ ਕੇ ਸੁਨ ਲੋ, ਮੋਦੀ ਕਹੀਂ ਨਹੀਂ ਜਾਏਗਾ, ਮੋਦੀ ਕਹੀਂ ਨਹੀਂ ਜਾਏਗਾ।’’ ਇਸ ਵਿਚ ਵਿਰੋਧੀ ਧਿਰ ’ਤੇ ਤਨਜ਼ ਕੱਸਦਿਆਂ ਕਿਹਾ ਗਿਆ ਹੈ, ‘‘ਤੁਮਨੇ ਸੋਚਾ ਝੁਕਾ ਦੋਗੇ ਪਰ ਸ਼ੇਰ ਨਹੀਂ ਝੁਕਤਾ, ਜਨਤਾ ਕਾ ਜੋ ਸਾਥ ਹੈ, ਵੋ ਕਭੀ ਨਹੀਂ ਰੁਕਤਾ।’’