ਨਵੀਂ ਦਿੱਲੀ : ਕੇਂਦਰੀ ਯੂਥ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਨਵੀਂ ਦਿੱਲੀ ਵਿਖੇ ਯੂਨੈਸਕੋ 'ਇੰਟਰਨੈਸ਼ਨਲ ਕਨਵੈਨਸ਼ਨ ਅਗੇਂਸਟ ਡੋਪਿੰਗ ਇਨ ਸਪੋਰਟ' ਤਹਿਤ ਸੀ.ਓ.ਪੀ.10 ਬਿਊਰੋ ਦੀ ਤੀਜੀ ਰਸਮੀ ਮੀਟਿੰਗ ਦੀ ਅਗਵਾਈ ਕਰਦਿਆਂ ਸਾਫ਼-ਸੁਥਰੀਆਂ ਖੇਡਾਂ ਪ੍ਰਤੀ ਭਾਰਤ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਖੇਡਾਂ ਵਿੱਚ ਸਫ਼ਲਤਾ ਖਿਡਾਰੀ ਦੀ ਪ੍ਰਤਿਭਾ, ਤਿਆਰੀ ਅਤੇ ਸਖ਼ਤ ਮਿਹਨਤ 'ਤੇ ਅਧਾਰਿਤ ਹੋਣੀ ਚਾਹੀਦੀ ਹੈ, ਨਾ ਕਿ ਪਾਬੰਦੀਸ਼ੁਦਾ ਦਵਾਈਆਂ ਜਾਂ ਗਲਤ ਤਰੀਕਿਆਂ 'ਤੇ।
ਖੇਡ ਮੰਤਰੀ ਨੇ ਦੱਸਿਆ ਕਿ 'ਨੈਸ਼ਨਲ ਐਂਟੀ-ਡੋਪਿੰਗ ਐਕਟ 2022' ਅਤੇ 2025 ਦੇ ਸੰਸ਼ੋਧਨਾਂ ਰਾਹੀਂ ਭਾਰਤ ਦੇ ਐਂਟੀ-ਡੋਪਿੰਗ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ, ਜੋ ਜੁਲਾਈ 2026 ਤੋਂ ਲਾਗੂ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਸੰਸਦ ਦੇ ਅਗਲੇ ਸੈਸ਼ਨ ਵਿੱਚ ਇੱਕ ਹੋਰ ਸੰਸ਼ੋਧਨ ਲਿਆਂਦਾ ਜਾਵੇਗਾ, ਜਿਸ ਵਿੱਚ ਕੋਚਾਂ ਅਤੇ ਸਪਲਾਈ ਚੇਨ ਦੇ ਹਿੱਸੇਦਾਰਾਂ ਵੱਲੋਂ ਕੀਤੀਆਂ ਜਾਂਦੀਆਂ ਉਲੰਘਣਾਵਾਂ ਵਿਰੁੱਧ ਅਪਰਾਧਿਕ ਪ੍ਰਬੰਧ ਸ਼ਾਮਲ ਕੀਤੇ ਜਾਣਗੇ। ਸਾਲ 2025-26 ਦੌਰਾਨ ਨੈਸ਼ਨਲ ਐਂਟੀ-ਡੋਪਿੰਗ ਏਜੰਸੀ ਨੇ 7,000 ਤੋਂ ਵੱਧ ਟੈਸਟ ਅਤੇ 350 ਤੋਂ ਵੱਧ ਜਾਗਰੂਕਤਾ ਸੈਸ਼ਨ ਕਰਵਾਏ ਹਨ।
ਖਿਡਾਰੀਆਂ ਨੂੰ ਦਵਾਈਆਂ ਦੀ ਸਹੀ ਜਾਣਕਾਰੀ ਦੇਣ ਲਈ 'ਨੋ ਯੂਅਰ ਮੈਡੀਸਨ' ਐਪ ਰਾਹੀਂ 5 ਲੱਖ ਤੋਂ ਵੱਧ ਸਰਚ ਰਿਕਾਰਡ ਕੀਤੇ ਗਏ ਹਨ। ਇਸ ਤੋਂ ਇਲਾਵਾ, ਸਕੂਲੀ ਪੱਧਰ 'ਤੇ ਖੇਡ ਮੁੱਲਾਂ ਅਤੇ ਇਮਾਨਦਾਰੀ ਨੂੰ ਉਤਸ਼ਾਹਿਤ ਕਰਨ ਲਈ ਖੇਡ ਮੰਤਰਾਲੇ, ਸਿੱਖਿਆ ਮੰਤਰਾਲੇ ਅਤੇ ਯੂਨੈਸਕੋ ਵਿਚਾਲੇ ਸਮਝੌਤਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਅਜ਼ਰਬਾਈਜਾਨ ਦੇ ਖੇਡ ਮੰਤਰੀ ਫਰੀਦ ਗਈਬੋਵ, ਯੂਨੈਸਕੋ ਦੇ ਨੁਮਾਇੰਦਿਆਂ ਅਤੇ ਹੋਰ ਦੇਸ਼ਾਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।