ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ। ਕਸ਼ਮੀਰ ਵਿੱਚ 3,880 ਮੀਟਰ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ ਤੀਰਥ ਸਥਾਨ ਦੀ 38 ਦਿਨਾਂ ਦੀ ਯਾਤਰਾ ਅੱਜ ਤੋਂ ਦੋ ਰੂਟਾਂ ਤੋਂ ਸ਼ੁਰੂ ਹੋ ਗਈ ਹੈ। ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ 48 ਕਿਲੋਮੀਟਰ ਲੰਬਾ ਨੂਨਵਾਨ-ਪਹਿਲਗਾਮ ਰਸਤਾ ਅਤੇ ਗੰਦਰਬਲ ਜ਼ਿਲ੍ਹੇ ਵਿੱਚ ਛੋਟਾ (14 ਕਿਲੋਮੀਟਰ) ਪਰ ਉੱਚਾ ਬਾਲਟਾਲ ਰਸਤਾ ਹੈ। ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸਾਲਾਨਾ ਅਮਰਨਾਥ ਯਾਤਰਾ ਵਿੱਚ ਸ਼ਾਮਲ ਹੋਣ ਲਈ 1,115 ਔਰਤਾਂ, 31 ਬੱਚੇ ਅਤੇ 16 ਟ੍ਰਾਂਸਜੈਂਡਰ ਸਮੇਤ 5,892 ਸ਼ਰਧਾਲੂਆਂ ਦਾ ਇੱਕ ਜਥਾ ਸਵੇਰੇ 4.30 ਵਜੇ ਬੇਸ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਅਨੁਸਾਰ ਇਸ ਸਾਲ ਦੀ ਯਾਤਰਾ ਲਈ ਹੁਣ ਤੱਕ 3,31,000 ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਬਾਲਟਾਲ ਬੇਸ ਕੈਂਪ 'ਚ ਪੁਲਸ ਟੀਮਾਂ ਮੁਸਤੈਦ
ਬਾਲਟਾਲ ਬੇਸ ਕੈਂਪ 'ਚ 4 ਵਰਗ ਕਿਲੋਮੀਟਰ ਰਕਬੇ ਵਿੱਚ ਟੈਂਟ ਸਿਟੀ ਤਿਆਰ ਹੋ ਚੁੱਕੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਭੰਡਾਰੇ ਸ਼ਰਧਾਲੂਆਂ ਦੀ ਸੇਵਾ ਲਈ ਆਏ ਹਨ। ਬਾਲਟਾਲ ਰੂਟ ਹੁਣ ਹੋਰ ਵੀ ਆਸਾਨ ਤੇ ਸੁਵਿਧਾਜਨਕ ਬਣ ਗਿਆ ਹੈ। ਰੇਲਪਥਰੀ ਤੱਕ 4 ਕਿਮੀ ਲੰਮੀ ਬਲਾਕਸ ਵਾਲੀ ਸੜਕ ਬਣ ਚੁੱਕੀ ਹੈ। ਪੂਰਾ ਰੂਟ 12 ਤੋਂ 14 ਫੁੱਟ ਚੌੜਾ ਹੋ ਗਿਆ ਹੈ, ਇਕ ਪਾਸੇ ਰੇਲਿੰਗ ਵੀ ਲੱਗੀ ਹੋਈ ਹੈ। ਪੂਰਾ ਰਸਤਾ ਮੋਟਰਵਾਹਨ ਯੋਗ ਬਣਾਇਆ ਗਿਆ ਹੈ। ਗੁਫਾ ਤੱਕ ਪਹੁੰਚਣ ਲਈ 100 ਪੋੜੀਆਂ ਚੜ੍ਹਣੀਆਂ ਪੈਂਦੀਆਂ ਹਨ, ਜਿਨ੍ਹਾਂ ਨੂੰ ਟੀਨ ਦੇ ਸ਼ੈੱਡ ਨਾਲ ਢੱਕ ਦਿੱਤਾ ਗਿਆ ਹੈ। 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਹਮਲੇ ਤੋਂ ਬਾਅਦ ਦੋਹਾਂ ਬੇਸ ਕੈਂਪ ਤੋਂ 4 ਕਿਮੀ ਪਹਿਲਾਂ ਹੀ ਫੋਰ ਲੇਅਰ ਸੁਰੱਖਿਆ ਲਾਈਨ ਲਗਾਈ ਗਈ ਹੈ। ਯਾਤਰਾ ਪਰਮਿਟ ਤੋਂ ਬਿਨਾਂ ਪਹਿਲੀ ਲੇਅਰ ਤੋਂ ਅੱਗੇ ਨਹੀਂ ਜਾ ਸਕਦੇ। ਹਰ 50 ਮੀਟਰ 'ਤੇ ਦੋ ਸੁਰੱਖਿਆ ਕਰਮੀ ਤਾਇਨਾਤ ਹਨ।
ਮੌਸਮ ਤੇ ਗਲੇਸ਼ੀਅਰ ਦੀ ਸਥਿਤੀ
ਬਾਲਟਾਲ ਰੂਟ 'ਤੇ ਅੱਜ-ਕੱਲ੍ਹ ਗਰਮੀ ਆਮ ਤੌਰ ਤੇ ਵੱਧ ਰਹੀ ਹੈ। ਦਿਨ ਦਾ ਤਾਪਮਾਨ 24 ਡਿਗਰੀ ਤੱਕ ਪਹੁੰਚ ਗਿਆ ਹੈ, ਜੋ ਆਮ ਤੌਰ 'ਤੇ 5 ਡਿਗਰੀ ਵੱਧ ਹੈ। ਗੁਫਾ 'ਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਬਰਫ਼ ਘੱਟ ਹੈ। ਬਾਬਾ ਬਰਫਾਨੀ ਦਾ ਸਰੂਪ ਵੀ ਸਿਰਫ਼ ਡੇਢ ਤੋਂ ਦੋ ਫੁੱਟ ਹੀ ਰਹਿ ਗਿਆ ਹੈ।