ਸੰਯੁਕਤ ਰਾਸ਼ਟਰ (UN) ਦੀ ਸਾਲ 2026 ਦੀ “ਗਲੋਬਲ ਰਿਪੋਰਟ ਆਨ ਫੂਡ ਕ੍ਰਾਈਸਿਸ” ਨੇ ਪਾਕਿਸਤਾਨ ਦੇ ਹਾਲਾਤਾਂ ਨੂੰ ਲੈ ਕੇ ਬੇਹੱਦ ਚਿੰਤਾਜਨਕ ਖੁਲਾਸਾ ਕੀਤਾ ਹੈ। ਰਿਪੋਰਟ ਅਨੁਸਾਰ ਪਾਕਿਸਤਾਨ ਦੁਨੀਆ ਦੇ ਉਨ੍ਹਾਂ 10 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਖੁਰਾਕੀ ਸੰਕਟ ਸਭ ਤੋਂ ਗੰਭੀਰ ਰੂਪ ਲੈ ਚੁੱਕਾ ਹੈ।
ਭੁੱਖਮਰੀ ਦੀ ਕਗਾਰ 'ਤੇ 1.1 ਕਰੋੜ ਲੋਕ
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਵਿੱਚ ਲਗਭਗ 1.1 ਕਰੋੜ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੋੜੀਂਦਾ ਖਾਣਾ ਨਹੀਂ ਮਿਲ ਰਿਹਾ। ਇਨ੍ਹਾਂ ਵਿੱਚੋਂ ਲਗਭਗ 93 ਲੱਖ ਲੋਕ “ਸੰਕਟ” (Crisis) ਦੇ ਪੱਧਰ 'ਤੇ ਹਨ, ਜਦਕਿ 17 ਲੱਖ ਲੋਕ “ਐਮਰਜੈਂਸੀ” (Emergency) ਦੀ ਸਥਿਤੀ ਵਿੱਚ ਹਨ। ਇਹ ਦੋਵੇਂ ਸਥਿਤੀਆਂ ਅਕਾਲ (Famine) ਤੋਂ ਠੀਕ ਪਹਿਲਾਂ ਦੀ ਸਭ ਤੋਂ ਖ਼ਤਰਨਾਕ ਅਵਸਥਾ ਮੰਨੀ ਜਾਂਦੀ ਹੈ, ਜਿੱਥੇ ਰੋਜ਼ਾਨਾ ਦਾ ਭੋਜਨ ਜੁਟਾਉਣਾ ਵੀ ਇੱਕ ਵੱਡਾ ਸੰਘਰਸ਼ ਬਣ ਜਾਂਦਾ ਹੈ।
ਕੀ ਹਨ ਇਸ ਸੰਕਟ ਦੇ ਮੁੱਖ ਕਾਰਨ?
ਮਾਹਿਰਾਂ ਅਨੁਸਾਰ ਸਾਲ 2025 ਵਿੱਚ ਆਏ ਭਿਆਨਕ ਹੜ੍ਹ ਤੇ ਖਰਾਬ ਮੌਸਮ ਨੇ ਲੱਖਾਂ ਲੋਕਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ, ਜਿਸ ਕਾਰਨ ਅਨਾਜ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਵਧਦੀ ਮਹਿੰਗਾਈ, ਕੁਪੋਸ਼ਣ, ਸਾਫ਼ ਪਾਣੀ ਦੀ ਕਮੀ ਅਤੇ ਕਮਜ਼ੋਰ ਸਿਹਤ ਸਹੂਲਤਾਂ ਨੇ ਸਥਿਤੀ ਨੂੰ ਹੋਰ ਵੀ ਨਾਜ਼ੁਕ ਬਣਾ ਦਿੱਤਾ ਹੈ।
ਸਿਰਫ਼ ਪਾਕਿਸਤਾਨ ਹੀ ਨਹੀਂ, ਇਹ ਦੇਸ਼ ਵੀ ਹਨ ਮੁਸੀਬਤ 'ਚ
ਰਿਪੋਰਟ ਮੁਤਾਬਕ ਖੁਰਾਕੀ ਸੰਕਟ ਦੀ ਮਾਰ ਹੇਠ ਆਉਣ ਵਾਲੇ ਹੋਰ ਦੇਸ਼ਾਂ ਵਿੱਚ ਅਫਗਾਨਿਸਤਾਨ, ਬੰਗਲਾਦੇਸ਼, ਮਿਆਂਮਾਰ, ਨਾਈਜੀਰੀਆ, ਸੂਡਾਨ, ਸੀਰੀਆ, ਯਮਨ ਅਤੇ ਕਾਂਗੋ ਸ਼ਾਮਲ ਹਨ। ਪੂਰੀ ਦੁਨੀਆ ਵਿੱਚ ਲਗਭਗ 26.6 ਕਰੋੜ ਲੋਕ ਗੰਭੀਰ ਖੁਰਾਕੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਕੋਈ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਭੁੱਖਮਰੀ ਅਤੇ ਮਹਿੰਗਾਈ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ।