ਨਵੀਂ ਦਿੱਲੀ : ਭਾਰਤ ਦੇ ਪੂਰਵ ਦਿੱਗਜ ਗੇਂਦਬਾਜ਼ ਹਰਭਜਨ ਸਿੰਘ ਨੇ ਚਿਤਾਵਨੀ ਦਿੱਤੀ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਵਰਗੀਆਂ T20 ਲੀਗਾਂ ਦੀ ਵਧਦੀ ਲੋਕਪ੍ਰਿਯਤਾ ਕਾਰਨ ਦੁਵੱਲੇ ਅੰਤਰਰਾਸ਼ਟਰੀ ਕ੍ਰਿਕਟ ਦੇ ਖਤਮ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੀ.ਟੀ.ਆਈ. ਨਾਲ ਇੱਕ ਪੌਡਕਾਸਟ ਇੰਟਰਵਿਊ ਦੌਰਾਨ ਹਰਭਜਨ ਨੇ T20 ਲੀਗਾਂ ਕਾਰਨ ਰੁੱਝੇ ਹੋਏ ਕ੍ਰਿਕਟ ਕੈਲੰਡਰ ਅਤੇ ਖੇਡ ਦੇ ਤਿੰਨਾਂ ਫਾਰਮੈਟਾਂ ਦੇ ਭਵਿੱਖ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਤਮਕਥਾ ) ਵੀ ਇਸੇ ਸਾਲ ਦੇ ਅੰਤ ਤੱਕ ਪ੍ਰਕਾਸ਼ਿਤ ਹੋਣ ਜਾ ਰਹੀ ਹੈ, ਜਿਸ 'ਤੇ ਉਹ ਪਿਛਲੇ ਕੁਝ ਸਮੇਂ ਤੋਂ ਕੰਮ ਕਰ ਰਹੇ ਹਨ।
ਹਰਭਜਨ ਸਿੰਘ ਨੇ ਦੱਸਿਆ ਕਿ ਪ੍ਰਸ਼ੰਸਕਾਂ ਦੀ ਪਸੰਦ ਵਿੱਚ ਇਹ ਬਦਲਾਅ ਪਹਿਲਾਂ ਹੀ ਆ ਚੁੱਕਾ ਹੈ। ਉਨ੍ਹਾਂ ਮੁਤਾਬਕ, 70% ਲੋਕ ਹੁਣ ਅੰਤਰਰਾਸ਼ਟਰੀ ਮੈਚਾਂ ਨਾਲੋਂ ਕਲੱਬ/ਫ੍ਰੈਂਚਾਈਜ਼ੀ ਕ੍ਰਿਕਟ ਦੇਖਣਾ ਜ਼ਿਆਦਾ ਪਸੰਦ ਕਰ ਰਹੇ ਹਨ। ਹਰਭਜਨ ਅਨੁਸਾਰ ਭਾਰਤ-ਆਸਟ੍ਰੇਲੀਆ ਜਾਂ ਇੰਗਲੈਂਡ-ਆਸਟ੍ਰੇਲੀਆ ਵਰਗੇ ਵੱਡੇ ਮੈਚਾਂ ਲਈ ਤਾਂ ਦਰਸ਼ਕ ਪਹੁੰਚਦੇ ਹਨ, ਪਰ ਭਾਰਤ-ਸ਼੍ਰੀਲੰਕਾ, ਭਾਰਤ-ਅਫਗਾਨਿਸਤਾਨ ਜਾਂ ਇੰਗਲੈਂਡ-ਬੰਗਲਾਦੇਸ਼ ਵਰਗੀਆਂ ਦੁਵੱਲੀਆਂ ਸੀਰੀਜ਼ਾਂ 'ਚ ਦਰਸ਼ਕਾਂ ਦੀ ਗਿਣਤੀ ਬਹੁਤ ਘੱਟ ਰਹਿੰਦੀ ਹੈ। ਇੱਕਦਿਵਸੀ ਮੈਚਾਂ ਵਿੱਚ 236 ਮੈਚ ਖੇਡ ਕੇ 269 ਵਿਕਟਾਂ ਲੈਣ ਵਾਲੇ ਹਰਭਜਨ ਨੇ ਮੰਨਿਆ ਕਿ ਹੁਣ ਉਨ੍ਹਾਂ ਦੀ ਵਨਡੇ ਕ੍ਰਿਕਟ 'ਚ ਕੋਈ ਦਿਲਚਸਪੀ ਨਹੀਂ ਰਹੀ।
ਹਰਭਜਨ ਨੇ ਟੈਸਟ ਮੈਚਾਂ ਦੀ ਅਹਿਮਅਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਟੈਸਟ ਕ੍ਰਿਕਟ ਵਿੱਚ ਹੀ ਇੱਕ ਖਿਡਾਰੀ ਦੇ ਅਸਲੀ ਹੁਨਰ ਅਤੇ ਜਜ਼ਬੇ ਦੀ ਪ੍ਰੀਖਿਆ ਹੁੰਦੀ ਹੈ। ਟੈਸਟ ਕ੍ਰਿਕਟ ਹੀ ਮੁੱਖ ਕ੍ਰਿਕਟ ਹੈ। ਖੇਡ ਨਾਲ ਜੁੜੇ ਸਾਰੇ ਅਦਾਰਿਆਂ ਅਤੇ ਹਿੱਸੇਦਾਰਾਂ ਨੂੰ ਟੈਸਟ ਕ੍ਰਿਕਟ ਨੂੰ ਬਚਾਉਣ ਅਤੇ ਇਸ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਕਿਉਂਕਿ ਇਹ ਇੱਕ ਕ੍ਰਿਕਟਰ ਦੇ ਤੌਰ 'ਤੇ ਤੁਹਾਡੀ ਹਰ ਪਾਸਿਓਂ ਪ੍ਰੀਖਿਆ ਲੈਂਦਾ ਹੈ।"