ਜ਼ਿੰਬਾਬਵੇ ਦੇ ਵਨਡੇ ਅਤੇ ਟੀ-20 ਟੀਮ ਦੇ ਕਪਤਾਨ ਸਿਕੰਦਰ ਰਜ਼ਾ ਨੇ ਸਪੱਸ਼ਟ ਕੀਤਾ ਹੈ ਕਿ 2027 ਵਿੱਚ ਅਫ਼ਰੀਕਾ ਵਿਖੇ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਤੋਂ ਬਾਅਦ ਉਨ੍ਹਾਂ ਦਾ ਸੰਨਿਆਸ ਲੈਣ ਦਾ ਫੈਸਲਾ ਅਟੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿੰਬਾਬਵੇ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ 2027-30 ਚੱਕਰ ਵਿੱਚ ਜਗ੍ਹਾ ਬਣਾ ਵੀ ਲੈਂਦੀ ਹੈ, ਤਾਂ ਵੀ ਉਹ ਆਪਣਾ ਇਹ ਫੈਸਲਾ ਨਹੀਂ ਬਦਲਣਗੇ। ਜ਼ਿਕਰਯੋਗ ਹੈ ਕਿ ਜ਼ਿੰਬਾਬਵੇ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਨਾਲ ਮਿਲ ਕੇ 2027 ਦੇ ਵਨਡੇ ਵਿਸ਼ਵ ਕੱਪ ਦੀ ਸਹਿ-ਮੇਜ਼ਬਾਨੀ ਕਰ ਰਿਹਾ ਹੈ।
ਮੋਬਾਈਲ ਗੇਮਿੰਗ ਪਲੇਟਫਾਰਮ 'ਸਿਕਸਰ ਕ੍ਰਿਕਟ' ਵੱਲੋਂ ਕਰਵਾਈ ਗਈ ਗੱਲਬਾਤ ਦੌਰਾਨ ਰਜ਼ਾ ਨੇ ਕਿਹਾ ਕਿ ਇਹ ਉਨ੍ਹਾਂ ਦੇ ਕਰੀਅਰ ਦਾ ਆਖਰੀ ਦੌਰ ਹੈ ਅਤੇ ਆਪਣੇ ਦੇਸ਼ ਵਿੱਚ ਵਿਸ਼ਵ ਕੱਪ ਖੇਡ ਕੇ ਸੰਨਿਆਸ ਲੈਣਾ ਉਨ੍ਹਾਂ ਲਈ ਇੱਕ ਸੁਪਨੇ ਵਰਗਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਡਬਲਯੂ.ਟੀ.ਸੀ. (WTC) ਵਿੱਚ ਥਾਂ ਮਿਲਣ 'ਤੇ ਉਹ ਫੈਸਲਾ ਬਦਲਣਗੇ, ਤਾਂ ਉਨ੍ਹਾਂ ਨਾਂਹ ਵਿੱਚ ਜਵਾਬ ਦਿੱਤਾ। ਹਾਲਾਂਕਿ, ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜ਼ਿੰਬਾਬਵੇ WTC ਦਾ ਹਿੱਸਾ ਬਣਦਾ ਹੈ ਤਾਂ ਇਸ ਨਾਲ ਦੇਸ਼ ਵਿੱਚ ਕ੍ਰਿਕਟ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ ਅਤੇ ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਆਵੇਗਾ।