ਮਾਨਸਾ : ਪਰਵਿੰਦਰ ਝੋਟਾ ਕਤਲ ਮਾਮਲੇ ਵਿਚ ਇਨਸਾਫ ਕਮੇਟੀ ਅਤੇ ਪੁਲਸ ਵਿਚਾਲੇ ਮੀਟਿੰਗ ਹੋਈ ਹੈ, ਜਿਸ ਵਿਚ ਡੀ. ਆਈ. ਜੀ. ਹਰਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਵਿਚ ਬੰਦ ਦੌਰਾਨ ਜਿਨ੍ਹਾਂ ਸ਼ਰਾਰਤੀ ਤੱਤਾਂ ਨੇ ਇਕ ਦੁਕਦਾਨਦਾਰ ਨੂੰ ਕੁੱਟਿਆ ਸੀ ਅਤੇ ਉਸ ਦੇ ਸਮਾਨ ਨੂੰ ਅੱਗ ਲਗਾਈ ਸੀ, ਉਸ ਵਿਚ ਦੋ ਮਾਮਲੇ ਦਰਜ ਕੀਤੇ ਗਏ ਹਨ, ਜਿਸ ਦੇ ਚੱਲਦੇ ਉਨ੍ਹਾਂ ਦੀ ਪਛਾਣ ਵੀ ਕਰ ਲਈ ਗਈ ਹੈ ਜਲਦੀ ਹੀ ਉਨ੍ਹਾਂ 'ਤੇ ਕਾਰਵਾਈ ਆਰੰਭੀ ਜਾਵੇਗੀ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਅਜਿਹੀ ਕੋਈ ਮਨਸ਼ਾ ਨਹੀਂ ਕਿ ਪਰਵਿੰਦਰ ਝੋਟਾ ਦਾ ਸਸਕਾਰ ਧੱਕੇ ਨਾਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਧੱਕੇ ਨਾਲ ਸਸਕਾਰ ਕਰਨ ਦੀਆਂ ਉਡ ਰਹੀਆਂ ਅਫਵਾਹਾਂ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸ਼ਾਂਤੀ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ। ਦੂਜੇ ਪਾਸੇ ਸ਼ਹਿਰ ਵਾਸੀਆਂ ਅਤੇ ਐਕਸ਼ਨ ਕਮੇਟੀ ਨੇ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਜੇ ਕੋਈ ਸ਼ਹਿਰ ਵਿਚ ਗੜਬੜੀ ਕਰਦਾ ਹੈ ਤਾਂ ਉਸ ਖਿਲਾਫ ਪੁਲਸ ਕਾਨੂੰਨ ਅਨੁਸਾਰ ਕਾਰਵਾਈ ਕਰੇ। ਉਹ ਕਿਸੇ ਵੀ ਸ਼ਰਾਰਤੀ ਦੀ ਸੁਪੋਰਟ ਨਹੀਂ ਕਰਨਗੇ। ਇਸ ਤੋਂ ਇਲਾਵਾ ਟ੍ਰੈਫਿਕ ਸਮੱਸਿਆ ਅਤੇ ਕਈ ਤਰ੍ਹਾਂ ਦੀਆਂ ਮੰਗਾਂ 'ਤੇ ਪ੍ਰਸ਼ਾਸਨ ਨੇ ਕਿਹਾ ਕਿ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।