ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਅਟਲ ਵਯੋ ਅਭਯੁਦਯ ਯੋਜਨਾ ਤਹਿਤ ਵਿਸ਼ਵਕਰਮਾ ਮੰਦਿਰ, ਨਵਾਂਸ਼ਹਿਰ ਵਿਖੇ ਬਿਰਧ ਨਾਗਰਿਕਾਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਉਦੇਸ਼ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸੀ।
ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਕੈਂਪ ਦਾ ਨਿਰੀਖਣ ਕਰਦਿਆਂ ਬਿਰਧ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਿਹਤ ਸੇਵਾਵਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਅਤੇ ਸਬੰਧਤ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕੈਂਪ ਵਿੱਚ ਆਉਣ ਵਾਲੇ ਹਰੇਕ ਬਜ਼ੁਰਗ ਨੂੰ ਸੁਚੱਜੇ ਢੰਗ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ।
ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਬਿਰਧ ਨਾਗਰਿਕਾਂ ਦੀ ਸਿਹਤ ਸੰਭਾਲ, ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਲੋੜ ਅਨੁਸਾਰ ਇਲਾਜ ਯਕੀਨੀ ਬਣਾਉਣਾ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਸਮੇਂ ਸਿਰ ਜਾਂਚ ਅਤੇ ਢੁੱਕਵੀਂ ਡਾਕਟਰੀ ਸਲਾਹ ਮਿਲਣਾ ਬੇਹੱਦ ਜ਼ਰੂਰੀ ਹੈ।
ਕੈਂਪ ਦੌਰਾਨ ਬਿਰਧ ਨਾਗਰਿਕਾਂ ਦੀ ਆਮ ਸਿਹਤ ਜਾਂਚ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ, ਅੱਖਾਂ ਦੀ ਜਾਂਚ, ਹੱਡੀਆਂ ਅਤੇ ਜੋੜਾਂ ਦੀ ਜਾਂਚ, ਮੋਤੀਆਬਿੰਦ ਦੇ ਆਪ੍ਰੇਸ਼ਨ ਲਈ ਮੁੱਢਲਾ ਮੁਲਾਂਕਣ ਅਤੇ ਯਾਦਦਾਸ਼ਤ ਸਬੰਧੀ ਸਮੱਸਿਆਵਾਂ ਦੀ ਜਾਂਚ ਸਮੇਤ ਹੋਰ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਦੇ ਨਾਲ ਹੀ ਲੋੜ ਅਨੁਸਾਰ ਡਾਕਟਰੀ ਸਲਾਹ ਅਤੇ ਅਗਲੇਰੇ ਇਲਾਜ ਲਈ ਮਾਰਗਦਰਸ਼ਨ ਵੀ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਅਜਿਹੇ ਵਿਸ਼ੇਸ਼ ਸਿਹਤ ਜਾਂਚ ਕੈਂਪ ਬਜ਼ੁਰਗਾਂ ਨੂੰ ਉਨ੍ਹਾਂ ਦੇ ਨੇੜੇ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਅਤੇ ਸੰਭਾਵੀ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।