ਮਾਨਸਾ : ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਤੋਂ ਬਾਅਦ ਮਾਨਸਾ ਸ਼ਹਿਰ 'ਚ ਤਣਾਅਪੂਰਨ ਮਾਹੌਲ ਦਰਮਿਆਨ ਇਕ ਹੋਰ ਘਟਨਾ ਸਾਹਮਣੇ ਆਈ ਹੈ। ਦਰਅਸਲ ਸ਼ਹਿਰ ਦੇ ਰੇਲਵੇ ਫਾਟਕ ਨੇੜੇ ਸਥਿਤ ਮੁਲਜ਼ਮ ਅਸ਼ਵਨੀ ਕੁਮਾਰ ਦੀ ਕੈਮਿਸਟ ਦੀ ਦੁਕਾਨ ਨੂੰ ਲੋਕਾਂ ਵੱਲੋਂ ਢਾਹ ਕੇ ਅੱਗ ਲਗਾਏ ਜਾਣ ਤੋਂ ਬਾਅਦ ਹੁਣ ਉਸੇ ਥਾਂ ’ਤੇ ਪਰਵਿੰਦਰ ਸਿੰਘ ਝੋਟਾ ਦਾ ਫਲੈਕਸ ਲਗਾ ਦਿੱਤਾ ਗਿਆ ਹੈ।
ਇਸ ਫਲੈਕਸ 'ਤੇ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਲਗਾਈ ਗਈ ਹੈ ਅਤੇ ਨਾਲ ਹੀ ਭਾਵੁਕ ਸੰਦੇਸ਼ ਲਿਖਿਆ ਹੋਇਆ ਹੈ, ''ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।'' ਇਹ ਸੰਦੇਸ਼ ਝੋਟਾ ਦੀ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਅਤੇ ਉਸ ਦੀ ਸੋਚ ਨੂੰ ਅੱਗੇ ਵਧਾਉਣ ਦੇ ਸੰਕਲਪ ਵਜੋਂ ਵੇਖਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਪਰਵਿੰਦਰ ਸਿੰਘ ਝੋਟਾ ਇਨਸਾਫ਼ ਕਮੇਟੀ ਵੱਲੋਂ ਇਸ ਥਾਂ 'ਤੇ ਝੋਟਾ ਦਾ ਬੁੱਤ ਸਥਾਪਤ ਕਰਨ ਦੀ ਮੰਗ ਉਠਾਈ ਗਈ ਹੈ। ਕਮੇਟੀ ਵੱਲੋਂ ਇਥੇ ਉਸ ਦੀ ਯਾਦ 'ਚ ਸਮਾਰਕ ਬਣਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸ ਦੀ ਨਸ਼ਿਆਂ ਵਿਰੁੱਧ ਲੜਾਈ ਬਾਰੇ ਜਾਣੂੰ ਕਰਵਾਇਆ ਜਾ ਸਕੇ।
ਝੋਟਾ ਦੇ ਕਤਲ ਮਗਰੋਂ ਇਲਾਕੇ 'ਚ ਰੋਸ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ। ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਵੱਲੋਂ ਉਸ ਦੀ ਸੋਚ ਨੂੰ ਜਿਊਂਦਾ ਰੱਖਣ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਹਾਲਾਂਕਿ, ਕਿਸੇ ਵੀ ਤਰ੍ਹਾਂ ਦੀ ਭੰਨਤੋੜ ਅਤੇ ਅੱਗ ਲਗਾਉਣ ਵਰਗੀਆਂ ਕਾਰਵਾਈਆਂ ਦੀ ਬਜਾਏ ਕਾਨੂੰਨੀ ਰਾਹ ਅਪਣਾਉਣਾ ਜ਼ਰੂਰੀ ਹੈ।