ਨਵੀਂ ਦਿੱਲੀ : ਲਗਭਗ 9 ਮਹੀਨੇ ਤੋਂ ਬਾਅਦ ਵਾਪਸੀ ਕਰਨ ਵਾਲੇ ਭਾਰਤੀ ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੇ ਕਿਹਾ ਕਿ ਉਸ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਆਪਣੇ ਖੇਡ ਦੇ ਹਰ ਉਸ ਪਹਿਲੂ ’ਤੇ ਕੰਮ ਕੀਤਾ ਹੈ, ਜਿਸ ’ਚ ਸੁਧਾਰ ਦੀ ਲੋੜ ਸੀ। ਇਸ 29 ਸਾਲਾ ਖਿਡਾਰੀ ਨੇ ਭਾਰਤ ਵੱਲੋਂ ਆਪਣਾ ਆਖਰੀ ਮੈਚ ਦਸੰਬਰ 2025 ’ਚ ਦੱਖਣੀ ਅਫਰੀਕਾ ਦੇ ਦੌਰੇ ’ਤੇ ਖੇਡਿਆ ਸੀ। ਇਸ ਦੌਰਾਨ ਕਥਿਤ ਅਨੁਸ਼ਾਸਨਹੀਣਤਾ ਦੇ ਦੋਸ਼ ’ਚ ਉਸ ਨੂੰ 2 ਹੋਰ ਖਿਡਾਰੀਆਂ ਨਾਲ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਸੀ।
ਪਾਠਕ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੇ ਬੈਂਗਲੁਰੂ ’ਚ ਆਪਣੇ ਗੋਲਕੀਪਿੰਗ ਹੁਨਰ ਨੂੰ ਨਿਖਾਰਿਆ ਅਤੇ ਰਾਸ਼ਟਰੀ ਟੀਮ ’ਚ ਵਾਪਸੀ ਲਈ ਸਖਤ ਮਿਹਨਤ ਕੀਤੀ। ਪਾਠਕ ਨੂੰ ਭਾਰਤ ਦੀ 18 ਮੈਂਬਰੀ ਟੀਮ ’ਚ ਮੋਹਿਤ ਐੱਚ. ਐੱਸ. ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿਚ ਖੇਡਿਆ ਜਾਵੇਗਾ।
ਪਾਠਕ ਨੇ ਕਿਹਾ, ‘‘ਕੋਚ ਨੇ ਮੈਨੂੰ ਸੁਧਾਰ ਲਈ ਜੋ ਵੀ ਦੱਸਿਆ, ਮੈਂ ਬੈਂਗਲੁਰੂ ’ਚ ਇਸ ’ਤੇ ਕੰਮ ਕੀਤਾ। ਮੇਰਾ ਮੰਨਣਾ ਹੈ ਕਿ ਮੈਂ ਉਹ ਸੁਧਾਰ ਕਰ ਲਏ ਹਨ ਅਤੇ ਹੁਣ ਮੇਰਾ ਧਿਆਨ ਏਸ਼ੀਆਈ ਚੈਂਪੀਅਨਜ਼ ਟਰਾਫੀ ’ਚ ਮਿਲੇ ਮੌਕੇ ਦਾ ਫਾਇਦਾ ਉਠਾਉਣਾ ਹੈ। ਅਸੀਂ (ਡਿਵੈਲਪਮੈਂਟ ਟੀਮ ਨੇ) ਬੈਂਗਲੁਰੂ ’ਚ ਕਰਨਾਟਕ ਦੀ ਸੀਨੀਅਰ ਰਾਸ਼ਟਰੀ ਟੀਮ ਵਿਰੁੱਧ ਮੈਚ ਖੇਡੇ। ਮੈਚਾਂ ਅਤੇ ਟੀਮ ਨਾਲ ਅਭਿਆਸ ਕਰਨ ਤੋਂ ਇਲਾਵਾ ਮੈਂ ਗੋਲਕੀਪਿੰਗ ਦੇ ਵਾਧੂ ਸੈਸ਼ਨ ’ਚ ਵੀ ਅਭਿਆਸ ਕੀਤਾ ਤਾਂ ਜੋ ਮੈਂ ਉਨ੍ਹਾਂ ਚੀਜ਼ਾਂ ’ਚ ਕੰਮ ਕਰਦਾ ਰਹਾਂ ਜਿਨ੍ਹਾਂ ’ਚ ਮੈਨੂੰ ਸੁਧਾਰ ਕਰਨ ਲਈ ਕਿਹਾ ਗਿਆ ਸੀ।’’
ਮੌਜੂਦਾ ਚੈਂਪੀਅਨ ਭਾਰਤ ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਬੰਗਲਾਦੇਸ਼ ਵਿਰੁੱਧ ਕਰੇਗਾ। ਇਸ ਤੋਂ ਬਾਅਦ ਉਸ ਦਾ ਸਾਹਮਣਾ 29 ਅਕਤੂਬਰ ਨੂੰ ਚੀਨ, 30 ਅਕਤੂਬਰ ਨੂੰ ਜਾਪਾਨ, 1 ਨਵੰਬਰ ਨੂੰ ਮਲੇਸ਼ੀਆ ਅਤੇ 2 ਨਵੰਬਰ ਨੂੰ ਦੱਖਣੀ ਕੋਰੀਆ ਨਾਲ ਹੋਵੇਗਾ। ਲੀਗ ਗੇੜ ਦੇ ਸਾਰੇ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ’ਚ ਖੇਡੇ ਜਾਣਗੇ, ਜਦਕਿ ਸੈਮੀਫਾਈਨਲ ਅਤੇ ਫਾਈਨਲ ਮੋਹਾਲੀ ਵਿਚ 4 ਤੇ 5 ਨਵੰਬਰ ਨੂੰ ਖੇਡੇ ਜਾਣਗੇ।