ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਹੀ ਵਿੱਚ ਸੰਪੰਨ ਹੋਈਆਂ ਆਈਚੀ-ਨਾਗੋਯਾ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੇ ਖਿਡਾਰੀਆਂ ਨਾਲ ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (PMO) ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਇਹ ਪ੍ਰੋਗਰਾਮ ਵੀਰਵਾਰ ਸ਼ਾਮ ਲਗਭਗ ਸਾਢੇ ਚਾਰ ਵਜੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਭਾਰਤ ਨੇ ਆਈਚੀ-ਨਾਗੋਯਾ ਏਸ਼ੀਆਈ ਖੇਡਾਂ ਵਿੱਚ 21 ਗੋਲਡ, 27 ਸਿਲਵਰ ਅਤੇ 37 ਬ੍ਰੋਨਜ਼ ਸਮੇਤ ਕੁੱਲ 85 ਮੈਡਲ ਜਿੱਤ ਕੇ ਤਾਲਿਕਾ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਭਾਰਤ ਲਗਾਤਾਰ ਦੂਜੀ ਵਾਰ ਸਿਖਰਲੇ ਪੰਜ ਦੇਸ਼ਾਂ ਵਿੱਚ ਜਗ੍ਹਾ ਬਣਾਉਣ ਵਿੱਚ ਸਫ਼ਲ ਰਿਹਾ ਹੈ, ਹਾਲਾਂਕਿ ਇਸ ਵਾਰ ਦੀ ਮੈਡਲ ਗਿਣਤੀ 2023 ਦੀਆਂ ਹਾਂਗਝੂ ਏਸ਼ੀਆਈ ਖੇਡਾਂ ਦੇ ਰਿਕਾਰਡ 106 ਮੈਡਲਾਂ ਨਾਲੋਂ ਘੱਟ ਰਹੀ। ਭਾਰਤ ਨੇ ਇਸ ਵਾਰ 501 ਖਿਡਾਰੀਆਂ ਦਾ ਦਲ ਭੇਜਿਆ ਸੀ, ਜਿਨ੍ਹਾਂ ਵਿੱਚੋਂ 310 ਖਿਡਾਰੀ ਪਹਿਲੀ ਵਾਰ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈ ਰਹੇ ਸਨ।
ਇਸ ਵਿਸ਼ੇਸ਼ ਸਮਾਰੋਹ ਵਿੱਚ ਭਾਰਤੀ ਦਲ ਦੇ ਖਿਡਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਕੋਚ, ਸਪੋਰਟ ਸਟਾਫ਼, ਭਾਰਤੀ ਓਲੰਪਿਕ ਸੰਘ (IOA) ਦੇ ਅਧਿਕਾਰੀ, ਰਾਸ਼ਟਰੀ ਖੇਡ ਮਹਾਸੰਘਾਂ ਦੇ ਨੁਮਾਇੰਦੇ ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।