ਜਲੰਧਰ/ਫਗਵਾੜਾ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਬਣੇ ਤਣਾਅਪੂਰਨ ਹਾਲਾਤ ਨੂੰ ਹੁਣ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਦੇਰ ਰਾਤ ਤੋਂ ਨੈਸ਼ਨਲ ਹਾਈਵੇਅ ਵੀ ਖੋਲ੍ਹ ਦਿੱਤਾ ਗਿਆ ਹੈ ਅਤੇ ਆਵਾਜਾਈ ਪੂਰੀ ਤਰ੍ਹਾਂ ਬਹਾਲ ਹੈ। ਉਥੇ ਹੀ ਇਸ ਮਾਮਲੇ 'ਚ ਪੰਜਾਬ ਮਹਿਲਾ ਕਮਿਸ਼ਨ ਦੀ ਐਂਟਰੀ ਹੋਈ ਹੈ। ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਵੇਖਦੇ ਹੋਏ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਗੌਰਵ ਤੂਰਾ ਨੂੰ ਨੋਟਿਸ ਦੇ ਕੇ ਤੋਂ ਐੱਫ਼. ਆਈ. ਆਰ. ਦੀ ਕਾਪੀ, ਐੱਸ. ਆਈ. ਟੀ. ਤੇ ਹੁਣ ਤੱਕ ਦੀ ਜਾਂਚ ਰਿਪੋਰਟ ਤਲਬ ਕੀਤੀ ਹੈ। ਕਮਿਸ਼ਨ ਨੇ ਯੂਨੀਵਰਸਿਟੀ ਵਿਚ ਗਰਲਜ਼ ਹੋਸਟਲ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਮੰਗੀ ਹੈ।
DGP ਨੇ ਲਿਆ ਜਾਇਜ਼ਾ, ਕਿਹਾ-ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ, ਹੋਵੇਗੀ ਸਖ਼ਤ ਕਾਰਵਾਈ
ਇਥੇ ਇਹ ਵੀ ਦੱਸ ਦੇਈਏ ਕਿ ਅੱਜ ਪੰਜਾਬ ਡੀ. ਜੀ. ਪੀ. ਗੌਰਵ ਯਾਦਵ ਨੇ ਯੂਨੀਵਰਸਿਟੀ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਨੂੰਨ-ਵਿਵਸਥਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਕਿਸੇ ਨੇ ਵੀ ਕਾਨੂੰਨ ਆਪਣੇ ਹੱਥ ਵਿਚ ਲਿਆ ਹੈ, ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡੀ. ਜੀ. ਪੀ. ਨੇ ਕਿਹਾ ਕਿ ਵਿਦਿਆਰਥੀਆਂ ਨਾਲ ਗੱਲਬਾਤ ਮਗਰੋਂ ਪਤਾ ਲੱਗਾ ਹੈ ਕਿ ਵਿਦਿਆਰਥੀਆਂ ਵਿਚਾਲੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲੈ ਕੇ ਕਾਫ਼ੀ ਰੋਸ ਸੀ ਪਰ ਪੁਲਸ ਨੇ ਗੱਲਬਾਤ ਨਾਲ ਮਸਲੇ ਦਾ ਹੱਲ ਕੱਢਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸਾਰੇ ਮਾਮਲੇ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀ. ਜੀ. ਪੀ. ਨੇ ਕਿਹਾ ਕਿ ਜਿਵੇਂ ਹਾਲਾਤ ਵਿਗੜੇ ਅਸੀਂ ਪਹਿਲਾਂ ਹੀ ਫ਼ੈਸਲਾ ਲੈ ਲਿਆ ਸੀ ਕਿ ਵਿਦਿਆਰਥੀਆਂ ਉਪਰ ਫੋਰਸ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿਚ ਐੱਫ਼. ਆਈ. ਆਰ. ਦਰਜ ਹੋਈ ਹੈ। ਜਾਂਚ ਟੀਮ ਗੰਭੀਰਤਾ ਨਾਲ ਸਾਰੇ ਮਾਮਲੇ ਵਿਚ ਜਾਂਚ ਕਰੇਗੀ। ਜਿਨ੍ਹਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੁਲਸ ਦੀਆਂ ਗੱਡੀਆਂ ਉਪਰ ਹਮਲਾ ਹੋਇਆ ਹੈ, ਜਿਨ੍ਹਾਂ ਨੇ ਭੰਨਤੋੜ ਕੀਤੀ, ਅਸੀਂ ਜਾਂਚ ਕਰ ਰਹੇ ਹਾਂ, ਸੀਸੀਟੀਵੀ ਵੀਡੀਓ ਦੇਖ ਰਹੇ ਹਾਂ, ਕਾਨੂੰਨ ਹੱਥ ਵਿਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇੰਟਰਨੈੱਟ ਬੰਦ, 10 ਦਿਨ LPU ਵੀ ਰਹੇਗਾ ਬੰਦ, ਪ੍ਰੀਖਿਆਵਾਂ ਮੁਲਤਵੀ
ਜ਼ਿਕਰਯੋਗ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਕੈਂਪਸ 'ਚ ਹੋਏ ਭਾਰੀ ਹੰਗਾਮੇ ਤੇ ਭੰਨਤੋੜ ਤੋਂ ਬਾਅਦ ਸੁਰੱਖਿਆ ਅਤੇ ਅਫ਼ਵਾਹਾਂ ਨੂੰ ਫ਼ੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਅਹਿਮ ਕਦਮ ਚੁੱਕਦੇ ਹੋਏ ਇਲਾਕੇ 'ਚ ਇੰਟਰਨੈੱਟ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 28 ਸਤੰਬਰ ਤੋਂ 10 ਦਿਨਾਂ ਲਈ ਸਾਰੀਆਂ ਕਲਾਸਾਂ ਵੀ ਮੁਅੱਤਲ ਕਰ ਦਿੱਤੀਆਂ ਸੀ ਤੇ ਨਾਲ ਹੀ ਆਉਣ ਵਾਲੇ ਦਿਨਾਂ 'ਚ ਹੋਣ ਵਾਲੀਆਂ ਮਿਡ-ਟਰਮ ਪ੍ਰੀਖਿਆਵਾਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।