ਨਵੀਂ ਦਿੱਲੀ : ਇਨੀਸ਼ੀਅਲ ਪਬਲਿਕ ਆਫਰ (ਆਈ. ਪੀ. ਓ.) ’ਚ ਨਿਵੇਸ਼ ਕਰਨ ਵਾਲਿਆਂ ਨੂੰ ਗ੍ਰੇਅ ਮਾਰਕੀਟ ਪ੍ਰੀਮੀਅਮ (ਜੀ. ਐੱਮ. ਪੀ.) ਦੇ ਆਧਾਰ ’ਤੇ ਕਮਾਈ ਦਾ ਅੰਦਾਜ਼ਾ ਲਾਉਣਾ ਭਾਰੀ ਪੈ ਸਕਦਾ ਹੈ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਆਈ. ਪੀ. ਓ. ਦੇ ਜੀ. ਐੱਮ. ਪੀ. ਦੇ ਅੰਕੜਿਆਂ ਦੇ ਪ੍ਰਚਾਰ-ਪ੍ਰਸਾਰ ’ਤੇ ਰੋਕ ਲਾਉਣ ਦੀ ਸਲਾਹ ਦਿੰਦਿਆਂ ਨਿਵੇਸ਼ਕਾਂ ਨੂੰ ਚੌਕਸ ਕੀਤਾ ਹੈ ਕਿ ਉਹ ਇਸ ਨੂੰ ਸ਼ੇਅਰਾਂ ਦੇ ਸੂਚੀਬੱਧ ਹੋਣ ਵਾਲੀ ਸੰਭਾਵੀ ਕੀਮਤ ਜਾਂ ਮਿਲਣ ਵਾਲੇ ਰਿਟਰਨ ਦਾ ਸੰਕੇਤਕ ਨਾ ਮੰਨਣ।
ਵੈੱਬਸਾਈਟ ਤੋਂ ਸੋਸ਼ਲ ਮੀਡੀਆ ਤੱਕ ਪ੍ਰਚਾਰ ’ਤੇ ਰੋਕ : ਸੇਬੀ ਨੇ ਸੋਮਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਆਈ. ਪੀ. ਓ. ਦੇ ਗ੍ਰੇਅ ਮਾਰਕੀਟ ਪ੍ਰੀਮੀਅਮ ਦੇ ਅੰਕੜੇ ਵੈੱਬਸਾਈਟਾਂ, ਡਿਜੀਟਲ ਮੰਚਾਂ, ਅਖ਼ਬਾਰਾਂ ਅਤੇ ਇੱਥੋਂ ਤੱਕ ਕਿ ਸੇਬੀ ’ਚ ਰਜਿਸਟਰਡ ਕੁਝ ਵਿਚੋਲਿਆਂ ਵੱਲੋਂ ਵੀ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਰੈਗੂਲੇਟਰ ਨੇ ਸਾਰੇ ਰਜਿਸਟਰਡ ਵਿਚੋਲਿਆਂ ਅਤੇ ਬਾਜ਼ਾਰ ਹਿੱਸੇਦਾਰਾਂ ਨੂੰ ਆਪਣੀਆਂ ਵੈੱਬਸਾਈਟਾਂ, ਡਿਜੀਟਲ ਮੰਚਾਂ, ਈ-ਮੇਲ, ਐੱਸ. ਐੱਮ. ਐੱਸ. ਅਤੇ ਸੋਸ਼ਲ ਮੀਡੀਆ ਸਮੇਤ ਕਿਸੇ ਵੀ ਸੰਚਾਰ ਮਾਧਿਅਮ ’ਤੇ ਅਜਿਹੇ ਅੰਕੜੇ ਪ੍ਰਕਾਸ਼ਿਤ, ਪ੍ਰਦਰਸ਼ਿਤ ਜਾਂ ਪ੍ਰਸਾਰਿਤ ਨਾ ਕਰਨ ਦੀ ਸਲਾਹ ਦਿੱਤੀ ਹੈ।
ਕੀ ਹੁੰਦਾ ਹੈ ਗ੍ਰੇਅ ਮਾਰਕੀਟ ਪ੍ਰੀਮੀਅਮ? : ਗ੍ਰੇਅ ਮਾਰਕੀਟ ਪ੍ਰੀਮੀਅਮ ਉਹ ਗੈਰ-ਰਸਮੀ ਅਤੇ ਗੈਰ-ਪ੍ਰਮਾਣਿਤ ਕੀਮਤ ਹੁੰਦੀ ਹੈ, ਜਿਸ ’ਤੇ ਕਿਸੇ ਕੰਪਨੀ ਦੇ ਸ਼ੇਅਰਾਂ ਦੀ ਸ਼ੇਅਰ ਬਾਜ਼ਾਰ ’ਚ ਸੂਚੀਬੱਧਤਾ ਤੋਂ ਪਹਿਲਾਂ ਕਾਰੋਬਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ। ਅਜਿਹੇ ਸੌਦੇ ਮਾਨਤਾ ਪ੍ਰਾਪਤ ਸ਼ੇਅਰ ਬਾਜ਼ਾਰਾਂ ਤੋਂ ਬਾਹਰ ਹੁੰਦੇ ਹਨ। ਇਨ੍ਹਾਂ ’ਤੇ ਨਾ ਤਾਂ ਰੈਗੂਲੇਟਰੀ ਨਿਗਰਾਨੀ ਹੁੰਦੀ ਹੈ ਅਤੇ ਨਾ ਹੀ ਨਿਵੇਸ਼ਕਾਂ ਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਜਾਂ ਸੌਦੇ ਦੇ ਨਿਪਟਾਰੇ ਦੀ ਗਾਰੰਟੀ ਮਿਲਦੀ ਹੈ।
ਵਿਵਾਦ ਹੋਣ ’ਤੇ ਨਹੀਂ ਮਿਲੇਗੀ ਨਿਵੇਸ਼ਕਾਂ ਨੂੰ ਸੁਰੱਖਿਆ
ਸੇਬੀ ਨੇ ਸਪੱਸ਼ਟ ਕੀਤਾ ਕਿ ਜੀ. ਐੱਮ. ਪੀ. ਦੇ ਅੰਕੜਿਆਂ ਦਾ ਪ੍ਰਚਾਰ ਨਿਵੇਸ਼ਕਾਂ ਦੇ ਹਿੱਤਾਂ ਲਈ ਨੁਕਸਾਨਦੇਹ ਹੋ ਸਕਦਾ ਹੈ ਅਤੇ ਇਹ ਜ਼ਮਾਨਤ ਬਾਜ਼ਾਰ ’ਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ। ਨਿਵੇਸ਼ਕਾਂ ਨੂੰ ਜੀ. ਐੱਮ. ਪੀ. ਨਾਲ ਜੁੜੇ ਕਿਸੇ ਵੀ ਸੌਦੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਜਿਹੇ ਸੌਦਿਆਂ ’ਚ ਵਿਵਾਦ ਹੋਣ ’ਤੇ ਨਿਵੇਸ਼ਕਾਂ ਨੂੰ ਸੇਬੀ ਜਾਂ ਸ਼ੇਅਰ ਬਾਜ਼ਾਰਾਂ ਦੀ ਸ਼ਿਕਾਇਤ ਨਿਵਾਰਣ ਵਿਵਸਥਾ ਅਤੇ ਆਨਲਾਈਨ ਵਿਵਾਦ ਨਿਪਟਾਰਾ (ਓ. ਡੀ. ਆਰ.) ਪੋਰਟਲ ਦਾ ਲਾਭ ਨਹੀਂ ਮਿਲੇਗਾ। ਰੈਗੂਲੇਟਰ ਨੇ ਨਿਵੇਸ਼ਕਾਂ ਨੂੰ ਕਿਹਾ ਹੈ ਕਿ ਉਹ ਆਈ. ਪੀ. ਓ. ’ਚ ਨਿਵੇਸ਼ ਲਈ ਸਿਰਫ਼ ਸੇਬੀ ’ਚ ਰਜਿਸਟਰਡ ਵਿਚੋਲਿਆਂ ਅਤੇ ਅਧਿਕਾਰਤ ਮੰਚਾਂ ਦੀ ਹੀ ਵਰਤੋਂ ਕਰਨ। ਦਰਅਸਲ, ਨਿਵੇਸ਼ਕ ਅਕਸਰ ਜੀ. ਐੱਮ. ਪੀ. ਰਾਹੀਂ ਆਈ. ਪੀ. ਓ. ਦੇ ਸ਼ੇਅਰਾਂ ਦੀ ਸੰਭਾਵੀ ਸੂਚੀਬੱਧਤਾ ਕੀਮਤ ਅਤੇ ਸ਼ੁਰੂਆਤੀ ਮੁਨਾਫ਼ੇ ਦਾ ਅੰਦਾਜ਼ਾ ਲਾਉਂਦੇ ਹਨ। ਸੇਬੀ ਦੀ ਇਸ ਚਿਤਾਵਨੀ ਦਾ ਮਕਸਦ ਨਿਵੇਸ਼ਕਾਂ ਨੂੰ ਅਜਿਹੇ ਗੈਰ-ਪ੍ਰਮਾਣਿਤ ਸੰਕੇਤਾਂ ਦੇ ਆਧਾਰ ’ਤੇ ਨਿਵੇਸ਼ ਸਬੰਧੀ ਫੈਸਲੇ ਲੈਣ ਤੋਂ ਬਚਾਉਣਾ ਹੈ।