ਨਵੀਂ ਦਿੱਲੀ : ਅਗਲੇ ਸਾਲ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਨਿਲਾਮੀ ਲਈ ਖਿਡਾਰੀਆਂ ਦੀ ਸੂਚੀ ਸਾਹਮਣੇ ਆ ਗਈ ਹੈ। ਇਸ ਨਿਲਾਮੀ ਲਈ ਕੁੱਲ 1,220 ਖਿਡਾਰੀਆਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ, ਜਿਨ੍ਹਾਂ ਵਿੱਚ 939 ਭਾਰਤੀ ਅਤੇ 17 ਦੇਸ਼ਾਂ ਦੇ 281 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਬੀ.ਸੀ.ਸੀ.ਆਈ. (BCCI) ਦੇ ਐਲਾਨ ਮੁਤਾਬਕ ਆਈ.ਪੀ.ਐੱਲ. ਦੀ ਇਹ ਨਿਲਾਮੀ 16 ਦਸੰਬਰ ਨੂੰ ਗੋਆ ਵਿਖੇ ਆਯੋਜਿਤ ਕੀਤੀ ਜਾਵੇਗੀ। ਹਾਲਾਂਕਿ, ਸਾਰੀਆਂ 10 ਟੀਮਾਂ ਕੋਲ ਕੁੱਲ ਮਿਲਾ ਕੇ ਸਿਰਫ਼ 66 ਖਾਲੀ ਥਾਵਾਂ (ਸਲੌਟ) ਹੀ ਬਾਕੀ ਹਨ, ਜਿਨ੍ਹਾਂ ਵਿੱਚੋਂ ਵੱਧ ਤੋਂ ਵੱਧ 25 ਵਿਦੇਸ਼ੀ ਖਿਡਾਰੀ ਖਰੀਦੇ ਜਾ ਸਕਦੇ ਹਨ।
ਰਜਿਸਟਰਡ ਖਿਡਾਰੀਆਂ ਵਿੱਚ 184 ਕੈਪਡ, 994 ਅਨਕੈਪਡ ਅਤੇ ਐਸੋਸੀਏਟ ਦੇਸ਼ਾਂ ਦੇ 42 ਖਿਡਾਰੀ ਸ਼ਾਮਲ ਹਨ। ਅਨਕੈਪਡ ਖਿਡਾਰੀਆਂ ਵਿੱਚੋਂ 925 ਭਾਰਤੀ ਹਨ, ਜਿਨ੍ਹਾਂ ਵਿੱਚੋਂ 127 ਖਿਡਾਰੀ ਪਹਿਲਾਂ ਆਈ.ਪੀ.ਐੱਲ. ਖੇਡ ਚੁੱਕੇ ਹਨ। ਵਿਦੇਸ਼ੀ ਖਿਡਾਰੀਆਂ ਵਿੱਚੋਂ ਸਭ ਤੋਂ ਵੱਧ ਆਸਟ੍ਰੇਲੀਆ ਦੇ 53 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਦੇ 40, ਵੈਸਟਇੰਡੀਜ਼ ਦੇ 36, ਨਿਊਜ਼ੀਲੈਂਡ ਦੇ 25 ਅਤੇ ਅਫ਼ਗਾਨਿਸਤਾਨ ਦੇ 23 ਖਿਡਾਰੀ ਲਿਸਟ ਵਿੱਚ ਹਨ। ਐਸੋਸੀਏਟ ਦੇਸ਼ਾਂ ਵਿੱਚੋਂ ਅਮਰੀਕਾ (USA) ਦੇ 13, ਜਦਕਿ ਯੂ.ਏ.ਈ. (UAE) ਅਤੇ ਨੇਪਾਲ ਦੇ 10-10 ਖਿਡਾਰੀ ਸ਼ਾਮਲ ਹਨ।
ਰਿਟੇਨਸ਼ਨ ਦੌਰਾਨ ਸਾਰੀਆਂ 10 ਟੀਮਾਂ ਨੇ ਮਿਲ ਕੇ 184 ਖਿਡਾਰੀਆਂ ਨੂੰ ਆਪਣੀਆਂ ਟੀਮਾਂ ਵਿੱਚ ਬਰਕਰਾਰ ਰੱਖਿਆ ਸੀ। ਹੁਣ ਸਭ ਤੋਂ ਵੱਧ ਖਾਲੀ ਸਲੌਟ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਕੋਲ ਹਨ, ਜਿਨ੍ਹਾਂ ਨੂੰ ਆਪਣੀ ਟੀਮ ਪੂਰੀ ਕਰਨ ਲਈ 9-9 ਖਿਡਾਰੀ ਖਰੀਦਣੇ ਪੈਣਗੇ। ਇਸ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼ (KKR) ਕੋਲ 8, ਲਖਨਊ ਸੁਪਰ ਜਾਇੰਟਸ (LSG) ਕੋਲ 7, ਅਤੇ ਚੇਨਈ ਸੁਪਰ ਕਿੰਗਜ਼ (CSK), ਪੰਜਾਬ ਕਿੰਗਜ਼ ਤੇ ਰਾਜਸਥਾਨ ਰੌਇਲਜ਼ ਕੋਲ 6-6 ਖਾਲੀ ਸਲੌਟ ਹਨ। ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਕੋਲ 5 ਅਤੇ ਗੁਜਰਾਤ ਟਾਈਟਨਜ਼ (GT) ਕੋਲ ਸਭ ਤੋਂ ਘੱਟ ਸਿਰਫ਼ 3 ਸਲੌਟ ਹੀ ਖਾਲੀ ਹਨ।