ਨਵੀਂ ਦਿੱਲੀ : ਦੇਸ਼ ਦੀ ਅਰਥਵਿਵਸਥਾ ਚਾਲੂ ਅਤੇ ਅਗਲੇ ਵਿੱਤੀ ਸਾਲ ’ਚ 7 ਫੀਸਦੀ ਦੀ ਦਰ ਨਾਲ ਵਧ ਸਕਦੀ ਹੈ। ਇਸ ਦੇ ਨਾਲ ਹੀ ਭਾਰਤ 2027 ’ਚ ਏਸ਼ੀਆ-ਪ੍ਰਸ਼ਾਂਤ ਖੇਤਰ ਦੀਆਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ’ਚ ਬਣਿਆ ਰਹੇਗਾ। ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਸੋਮਵਾਰ ਨੂੰ ਇਹ ਅੰਦਾਜ਼ਾ ਪ੍ਰਗਟਾਇਆ। ਐੱਸ. ਐਂਡ ਪੀ. ਨੇ ਕਿਹਾ ਕਿ ਅਲ ਨੀਨੋ ਕਾਰਨ ਏਸ਼ੀਆ-ਪ੍ਰਸ਼ਾਂਤ ਖੇਤਰ ਦੀਆਂ ਅਰਥਵਿਵਸਥਾਵਾਂ ਖਾਸ ਕਰ ਕੇ ਭਾਰਤ ’ਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਦਾ ਖ਼ਦਸ਼ਾ ਹੈ। ਇਸ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦਸੰਬਰ ’ਚ ਨੀਤੀਗਤ ਵਿਆਜ ਦਰ ’ਚ 0.25 ਫੀਸਦੀ ਦਾ ਇਕ ਹੋਰ ਵਾਧਾ ਕਰ ਸਕਦਾ ਹੈ।
ਐੱਸ. ਐਂਡ ਪੀ. ਦੀ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਆਰਥਿਕ ਦ੍ਰਿਸ਼ ’ਤੇ ਜਾਰੀ ਰਿਪੋਰਟ ਅਨੁਸਾਰ ਊਰਜਾ ਦੀਆਂ ਉੱਚੀਆਂ ਕੀਮਤਾਂ ਖੇਤਰ ਦੀਆਂ ਅਰਥਵਿਵਸਥਾਵਾਂ ਲਈ ਸਭ ਤੋਂ ਵੱਡੀ ਚੁਣੌਤੀ ਬਣੀਆਂ ਰਹਿਣਗੀਆਂ, ਜਦਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਖੇਤਰ ’ਚ ਕੌਮਾਂਤਰੀ ਪੱਧਰ ’ਤੇ ਵਧਦਾ ਨਿਵੇਸ਼ ਸਭ ਤੋਂ ਵੱਡਾ ਹਾਂ-ਪੱਖੀ ਕਾਰਕ ਹੋਵੇਗਾ। ਹਾਲਾਂਕਿ 2027 ’ਚ ਇਨ੍ਹਾਂ ਦੋਵਾਂ ਕਾਰਕਾਂ ਦਾ ਪ੍ਰਭਾਵ ਕੁਝ ਘੱਟ ਹੋਣ ਦੀ ਉਮੀਦ ਹੈ। ਐੱਸ. ਐਂਡ ਪੀ. ਨੇ ਕਿਹਾ, ‘‘ਸਾਨੂੰ ਉਮੀਦ ਹੈ ਕਿ ਵੀਅਤਨਾਮ ਅਤੇ ਭਾਰਤ 2027 ’ਚ ਇਸ ਖੇਤਰ ਦੀਆਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਹੋਣਗੀਆਂ।’’ ਰੇਟਿੰਗ ਏਜੰਸੀ ਨੇ ਚਾਲੂ ਅਤੇ ਅਗਲੇ ਵਿੱਤੀ ਸਾਲ ’ਚ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਿਕਾਸ ਦਰ 7 ਫੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਹੈ।