ਅਮਰੀਕਾ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਦਾ ਬਾਜ਼ਾਰ ਪੂੰਜੀਕਰਣ ਭਾਰਤ ਦੇ ਪੂਰੇ ਇਕੁਇਟੀ ਬਾਜ਼ਾਰ ਦੀ ਬਾਜ਼ਾਰ ਪੂੰਜੀਕਰਣ ਤੋਂ ਜ਼ਿਆਦਾ ਹੋ ਗਿਆ ਹੈ। ਵੀਰਵਾਰ ਨੂੰ ਐੱਨਵੀਡੀਆ ਦਾ ਸ਼ੇਅਰ ਮੁੱਲ ਲੱਗਭਗ 226 ਡਾਲਰ ਰਿਹਾ ਅਤੇ ਇਸ ਹਿਸਾਬ ਨਾਲ ਕੰਪਨੀ ਦਾ ਬਾਜ਼ਾਰ ਪੂੰਜੀਕਰਣ ਲੱਗਭਗ 5.5 ਟ੍ਰਿਲੀਅਨ ਡਾਲਰ ਬਣਦਾ ਹੈ, ਜਦਕਿ ਭਾਰਤ ਦੇ ਸ਼ੇਅਰ ਬਾਜ਼ਾਰ ਦਾ ਕੁੱਲ ਮਾਰਕੀਟ ਕੈਪ ਲੱਗਭਗ 5 ਟ੍ਰਿਲੀਅਨ ਡਾਲਰ ਹੈ।
ਭਾਰਤੀ ਬਾਜ਼ਾਰ ’ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀ ਭਾਰੀ ਬਿਕਵਾਲੀ ਦੇਖੀ ਜਾ ਰਹੀ ਹੈ। ਭਾਰਤ ਦਾ ਮਾਰਕੀਟ ਕੈਪ ਆਪਣੇ 5.7 ਟ੍ਰਿਲੀਅਨ ਡਾਲਰ ਦੇ ਸਿਖਰ ਤੋਂ ਡਿੱਗ ਕੇ 5 ਟ੍ਰਿਲੀਅਨ ਡਾਲਰ ’ਤੇ ਆ ਗਿਆ ਹੈ। ਜੈਫਰੀਜ਼ ਦੇ ਕ੍ਰਿਸਟੋਫਰ ਵੁੱਡ ਦਾ ਕਹਿਣਾ ਹੈ ਕਿ ਗਲੋਬਲ ਨਿਵੇਸ਼ਕ ਭਾਰਤ ਦੇ ਮੁਕਾਬਲੇ ਤਾਈਵਾਨ ਅਤੇ ਦੱਖਣੀ ਕੋਰੀਆ ਵਰਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਲਿੰਕਡ ਬਾਜ਼ਾਰਾਂ ’ਚ ਪੈਸਾ ਲਗਾ ਰਹੇ ਹਨ।
5 ਗੁਣਾ ਵਧ ਗਈ ਕੰਪਨੀ ਦੀ ਵੈਲਿਊਏਸ਼ਨ
ਸਿਰਫ 3 ਸਾਲ ਤੋਂ ਵੀ ਘੱਟ ਸਮੇਂ ’ਚ ਐੱਨਵੀਡੀਆ ਦੀ ਵੈਲਿਊ 5 ਗੁਣਾ ਤੱਕ ਵਧ ਗਈ ਹੈ। ਸਾਲ 2023 ’ਚ ਕੰਪਨੀ ਦਾ ਇਕ ਸ਼ੇਅਰ ਲੱਗਭਗ 50 ਡਾਲਰ ਦਾ ਸੀ, ਜੋ ਹੁਣ ਵਧ ਕੇ 226 ਡਾਲਰ ਤੱਕ ਪਹੁੰਚ ਗਿਆ ਹੈ।
ਇਨਵੈਸਟ ਪੀ. ਐੱਮ. ਐੱਸ. ਦੇ ਬਿਜ਼ਨੈੱਸ ਹੈੱਡ ਹਰਸ਼ਲ ਦਸਾਨੀ ਮੁਤਾਬਕ, ਅੱਜ ਹਰ ਵੱਡੀ ਕੰਪਨੀ ਅਤੇ ਸਰਕਾਰੀ ਪ੍ਰਾਜੈਕਟ ਨੂੰ ‘ਲਾਰਜ ਲੈਂਗੂਏਜ ਮਾਡਲਜ਼’ (ਐੱਲ. ਐੱਲ. ਐੱਮ.) ਤਾਇਨਾਤ ਕਰਨ ਲਈ ਜੀ. ਪੀ. ਯੂ. ਕਲੱਸਟਰ ਦੀ ਲੋੜ ਹੈ। ਇਸ ਬਾਜ਼ਾਰ ਦੇ ਲੱਗਭਗ 80 ਫੀਸਦੀ ਹਿੱਸੇ ’ਤੇ ਇਕੱਲੇ ਐੱਨਵੀਡੀਆ ਦਾ ਕਬਜ਼ਾ ਹੈ।
ਆਈ. ਟੀ. ਸਰਵਿਸਿਜ਼ ਬਨਾਮ ਇਨੋਵੇਸ਼ਨ ਦਾ ਸੰਕਟ
ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਦੀਆਂ ਟੀ. ਸੀ. ਐੱਸ. ਅਤੇ ਇਨਫੋਸਿਸ ਵਰਗੀਆਂ ਮਹਾਰਥੀ ਕੰਪਨੀਆਂ ਗਲੋਬਲ ਲੀਡਰ ਤਾਂ ਹਨ ਪਰ ਉਹ ‘ਸਰਵਿਸ ਮਾਡਲ’ ’ਤੇ ਕੰਮ ਕਰਦੀਆਂ ਹਨ। ਸਵਾਸਤਿਕਾ ਇਨਵੈਸਟਮਾਰਟ ਦੇ ਸੰਤੋਸ਼ ਮੀਣਾ ਅਨੁਸਾਰ, ਸਰਵਿਸ ਸੈਕਟਰ ਦੀ ਗ੍ਰੋਥ ਕਰਮਚਾਰੀਆਂ ਦੀ ਗਿਣਤੀ ’ਤੇ ਟਿਕੀ ਹੁੰਦੀ ਹੈ, ਜਦਕਿ ਮਾਈਕ੍ਰੋਸਾਫਟ ਜਾਂ ਐੱਨਵੀਡੀਆ ਵਰਗੇ ਦਿੱਗਜਾਂ ਕੋਲ ਆਪਣੀ ਬੌਧਿਕ ਸੰਪਦਾ ਅਤੇ ਹਾਰਡਵੇਅਰ ਲੇਅਰਜ਼ ਹਨ। ਇਹੀ ਕਾਰਨ ਹੈ ਕਿ ਭਾਰਤ ਅਜੇ ਤੱਕ ‘ਟ੍ਰਿਲੀਅਨ ਡਾਲਰ ਕਲੱਬ’ ’ਚ ਆਪਣੀ ਥਾਂ ਨਹੀਂ ਬਣਾ ਸਕਿਆ।