ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹੇ ਨੂੰ ਡੇਂਗੂ ਮੁਕਤ ਬਣਾਉਣ ਲਈ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਸ਼ੁੱਕਰਵਾਰ ਨੂੰ ਸਿਵਲ ਸਰਜਨ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ।
ਇਸ ਸਾਲ ਰਾਸ਼ਟਰੀ ਡੇਂਗੂ ਦਿਵਸ ਦਾ ਥੀਮ ਡੇਂਗੂ ਕੰਟਰੋਲ — ਚੈਕ, ਕਲੀਨ ਤੇ ਕਵਰ” ਰੱਖਿਆ ਗਿਆ ਹੈ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਨਰਸਿੰਗ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡੇਂਗੂ ਇੱਕ ਖਤਰਨਾਕ ਪਰ ਪੂਰੀ ਤਰ੍ਹਾਂ ਰੋਕੀ ਜਾ ਸਕਣ ਵਾਲੀ ਬਿਮਾਰੀ ਹੈ ਅਤੇ ਲੋਕਾਂ ਦੀ ਸਾਵਧਾਨੀ ਹੀ ਇਸ ’ਤੇ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਕਿਹਾ ਕਿ ਏਡੀਜ਼ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਘਰਾਂ, ਦਫ਼ਤਰਾਂ ਅਤੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਕੂਲਰਾਂ, ਫਰਿੱਜ ਦੀਆਂ ਟ੍ਰੇਆਂ, ਗਮਲਿਆਂ, ਪੁਰਾਣੇ ਟਾਇਰਾਂ ਅਤੇ ਹੋਰ ਬਰਤਨਾਂ ਦੀ ਹਫ਼ਤੇ ਵਿੱਚ ਇੱਕ ਵਾਰ ਲਾਜ਼ਮੀ ਸਫ਼ਾਈ ਕੀਤੀ ਜਾਵੇ। “ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ” ਦਾ ਸੰਦੇਸ਼ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਹਰ ਹਫ਼ਤੇ ਸੁੱਕਾ ਦਿਵਸ ਮਨਾਉਣ ਦੀ ਅਪੀਲ ਕੀਤੀ।
ਸਿਵਲ ਸਰਜਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਤੇਜ਼ ਬੁਖਾਰ, ਸਰੀਰ ਦਰਦ, ਅੱਖਾਂ ਦੇ ਪਿੱਛੇ ਦਰਦ, ਉਲਟੀਆਂ ਜਾਂ ਪਲੇਟਲੈਟ ਘਟਣ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਅਜਿਹੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ ਅਤੇ ਖੁਦ ਦਵਾਈ ਲੈਣ ਤੋਂ ਬਚਿਆ ਜਾਵੇ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਜਾਗਰੂਕਤਾ ਗਤੀਵਿਧੀਆਂ, ਘਰ-ਘਰ ਸਰਵੇ ਅਤੇ ਲਾਰਵਾ ਚੈਕਿੰਗ ਮੁਹਿੰਮ ਨਿਰੰਤਰ ਚਲਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਰੋਕਥਾਮ ਲਈ ਸਿਹਤ ਵਿਭਾਗ ਦਾ ਸਾਥ ਦੇ ਕੇ ਜ਼ਿਲ੍ਹੇ ਨੂੰ ਡੇਂਗੂ ਮੁਕਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ “ਹਰ ਸ਼ੁੱਕਰਵਾਰ-ਡੇੰਗੂ ’ਤੇ ਵਾਰ” ਮੁਹਿੰਮ ਤਹਿਤ ਡੇੰਗੂ ਰੋਕਥਾਮ ਲਈ ਘਰ-ਘਰ ਸਰਵੇ ਕਰਕੇ ਲਾਰਵਾ ਨਸ਼ਟ ਕਰਨ ਵਾਸਤੇ ਨਰਸਿੰਗ ਵਿਦਿਆਰਥੀਆਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਡੇੰਗੂ ਖ਼ਿਲਾਫ਼ ਇਹ ਮੁਹਿੰਮ ਲੋਕ ਭਾਗੀਦਾਰੀ ਨਾਲ ਹੋਰ ਪ੍ਰਭਾਵਸ਼ਾਲੀ ਬਣੇਗੀ ਅਤੇ ਹਰ ਘਰ ਤੱਕ ਜਾਗਰੂਕਤਾ ਪਹੁੰਚਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ, ਸਹਾਇਕ ਸਿਵਲ ਸਰਜਨ ਡਾ ਬਲਜੀਤ ਕਮਲ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।