ਨਵੀਂ ਦਿੱਲੀ : ਕਾਕਰੋਚ ਜਨਤਾ ਪਾਰਟੀ ਅਤੇ ਸਰਕਾਰ ਵਿਚਕਾਰ ਸ਼ੁੱਕਰਵਾਰ ਨੂੰ ਦਿੱਲੀ ਦੇ ਕੰਸਟੀਟਿਊਸ਼ਨ ਕਲੱਬ ਵਿਖੇ ਇਕ ਮੀਟਿੰਗ ਹੋਈ। ਸਰਕਾਰ ਵਲੋਂ ਕੇਂਦਰੀ ਮੰਤਰੀ ਜੇਪੀ ਨੱਢਾ ਅਤੇ ਜਤਿੰਦਰ ਸਿੰਘ, ਜਦੋਂ ਕਿ ਸੀਜੇਪੀ ਵਲੋਂ ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨੇ ਸ਼ਾਮਲ ਹੋਏ। ਸੀਜੇਪੀ ਨਾਲ ਬੈਠਕ ਤੋਂ ਬਾਅਦ ਨੱਢਾ ਨੇ ਕਿਹਾ,''ਬੈਠਕ ਲਗਭਗ 2 ਘੰਟਿਆਂ ਤੱਕ ਚੱਲੀ। ਉਨ੍ਹਾਂ ਦੀਆਂ 3 ਮੁੱਖ ਮੰਗਾਂ ਸਨ ਅਤੇ ਪ੍ਰੀਖਿਆਵਾਂ ਲਈ 5 ਸੁਧਾਰਾਂ ਦੇ ਸੁਝਾਅ ਸਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਕੱਲ੍ਹ ਦੁਪਹਿਰ ਫਿਰ ਮਿਲਾਂਗੇ ਅਤੇ ਸਰਕਾਰ ਵਿਚਾਲੇ ਹੋਈ ਚਰਚਾ ਬਾਰੇ ਉਨ੍ਹਾਂ ਨੂੰ ਦੱਸਾਂਗੇ।''
ਸਰਕਾਰ ਨਾਲ ਬੈਠਕ ਤੋਂ ਬਾਅਦ ਸੀਜੇਪੀ ਦੇ ਬੁਲਾਰਿਆਂ ਨੇ ਕਿਹਾ,"ਅਸੀਂ ਕੇਂਦਰੀ ਮੰਤਰੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਸਾਡੀ ਮੰਗ 'ਤੇ ਕੋਈ ਸਮਝੌਤਾ ਨਹੀਂ ਹੋ ਸਕਦਾ।" ਦਾਸ ਨੇ ਕਿਹਾ ਕਿ ਸੀਜੇਪੀ ਨੇ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਐੱਫਆਈਆਰ ਵਾਪਸ ਲੈਣ ਦੀ ਵੀ ਮੰਗ ਕੀਤੀ।