ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਬਾਗੇਸ਼ਵਰ ਧਾਮ 'ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਟੈਂਟ ਡਿੱਗਣ ਕਾਰਨ ਇਕ ਸ਼ਰਧਾਲੂ ਦੀ ਮੌਤ ਹੋ ਗਈ, ਜਦਕਿ 8 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੀਂਹ ਅਤੇ ਹਨ੍ਹੇਰੀ ਦੇ ਚੱਲਦੇ ਇਹ ਹਾਦਸਾ ਵਾਪਰਿਆ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਾਸੀ ਸ਼ਿਆਲਾਲ ਕੌਸ਼ਲ ਦੇ ਰੂਪ ਵਿਚ ਹੋਈ ਹੈ। ਕੌਸ਼ਲ ਦੇ ਜਵਾਈ ਰਾਜੇਸ਼ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ 6 ਮੈਂਬਰਾਂ ਨਾਲ ਬੁੱਧਵਾਰ ਰਾਤ ਨੂੰ ਹੀ ਅਯੁੱਧਿਆ ਤੋਂ ਬਾਗੇਸ਼ਵਰ ਧਾਮ ਪਹੁੰਚੇ ਸਨ। ਉਹ ਵੀਰਵਾਰ ਸਵੇਰੇ ਧਾਮ ਦੇ ਪੀਠਾਧੀਸ਼ਵਰ ਧੀਰੇਂਦਰ ਸ਼ਾਸਤਰੀ ਦੇ ਦਰਸ਼ਨਾਂ ਲਈ ਪਹੁੰਚੇ ਸਨ।
ਇਹ ਵੀ ਪੜ੍ਹੋ- ਸਕੂਲ ਦਾ ਪਹਿਲਾ ਦਿਨ ਬਣਿਆ ਆਖਰੀ, Silent Attack ਨੇ ਲਈ ਵਿਦਿਆਰਥੀ ਦੀ ਜਾਨ
ਬਾਗੇਸ਼ਵਰ ਧਾਮ ਵਿਚ ਇਹ ਹਾਦਸਾ 7 ਵਜੇ ਆਰਤੀ ਮਗਰੋਂ ਹੋਇਆ। ਟੈਂਟ ਤੋਂ ਨਿਕਲਿਆ ਲੋਹੇ ਦਾ ਐਂਗਲ ਡਿੱਗਣ ਕਾਰਨ ਸ਼ਰਧਾਲੂ ਦੇ ਸਿਰ 'ਤੇ ਸੱਟ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਰਅਸਲ ਆਰਤੀ ਦੌਰਾਨ ਮੀਂਹ ਪੈ ਰਿਹਾ ਸੀ। ਇਸ ਦੌਰਾਨ ਭਾਰੀ ਭੀੜ ਇਕੱਠੀ ਹੋ ਗਈ। ਮੀਂਹ ਤੋਂ ਬਚਣ ਲਈ ਲੋਕ ਸ਼ੈੱਡ ਹੇਠਾਂ ਇਕੱਠੇ ਹੋਏ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।
ਹਾਦਸੇ ਦੇ ਸਮੇਂ ਮੌਕੇ 'ਤੇ ਮੌਜੂਦ ਇਕ ਸ਼ਖ਼ਸ ਨੇ ਦੱਸਿਆ ਕਿ ਅਸੀਂ ਸਾਰੇ ਮੰਚ ਕੋਲ ਖੜ੍ਹੇ ਸੀ, ਤਾਂ ਮੀਂਹ ਪੈ ਰਿਹਾ ਸੀ। ਅਜਿਹੇ ਵਿਚ ਪਾਣੀ ਤੋਂ ਬਚਣ ਲਈ ਟੈਂਟ ਵਿਚ ਆ ਗਏ। ਪਾਣੀ ਭਰਨ ਨਾਲ ਟੈਂਟ ਹੇਠਾਂ ਆ ਡਿੱਗਿਆ। ਇਸ ਨਾਲ ਭਾਜੜ ਮਚ ਗਈ ਅਤੇ ਟੈਂਟ ਦੇ ਹੇਠਾਂ ਕਰੀਬ 20 ਲੋਕ ਦੱਬੇ ਗਏ।