ਜਲੰਧਰ : ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਚੁੱਕੀ ਭਾਰਤੀ ਹਾਕੀ ਟੀਮ ਐਤਵਾਰ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਆਪਣੇ ਚੌਥੇ ਰਾਊਂਡ-ਰੋਬਿਨ ਮੈਚ ਵਿੱਚ ਮਲੇਸ਼ੀਆ ਦਾ ਸਾਹਮਣਾ ਕਰੇਗੀ। ਭਾਰਤ ਨੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ 13-0, ਚੀਨ ਨੂੰ 5-2 ਅਤੇ ਜਾਪਾਨ ਨੂੰ 4-1 ਨਾਲ ਹਰਾ ਕੇ 4 ਨਵੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਮੁੱਖ ਕੋਚ ਕ੍ਰੇਗ ਫੁਲਟੋਨ ਨੇ ਕਿਹਾ ਕਿ ਹਾਲਾਂਕਿ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਮਲੇਸ਼ੀਆ ਨੂੰ 5-1 ਨਾਲ ਹਰਾਇਆ ਸੀ, ਪਰ ਉਹ ਹਮੇਸ਼ਾ ਇੱਕ ਮਜ਼ਬੂਤ ਵਿਰੋਧੀ ਰਹੀ ਹੈ ਅਤੇ ਟੀਮ ਦਾ ਪੂਰਾ ਧਿਆਨ ਆਪਣੇ ਪ੍ਰਦਰਸ਼ਨ 'ਤੇ ਹੈ।
ਜਾਪਾਨ ਵਿਰੁੱਧ ਖੇਡੇ ਗਏ ਪਿਛਲੇ ਮੈਚ ਵਿੱਚ ਭਾਰਤ ਨੂੰ 47ਵੇਂ ਮਿੰਟ ਵਿੱਚ ਮਿਲੇ ਇਕਲੌਤੇ ਪੈਨਲਟੀ ਕਾਰਨਰ 'ਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਕੀਤਾ। ਆਪਣਾ 150ਵਾਂ ਅੰਤਰਰਾਸ਼ਟਰੀ ਮੈਚ ਖੇਡ ਰਹੇ ਫਾਰਵਰਡ ਅਭਿਸ਼ੇਕ ਨੇ ਦੋ ਸ਼ਾਨਦਾਰ ਫੀਲਡ ਗੋਲ ਦਾਗੇ, ਜਦਕਿ ਉਪ-ਕਪਤਾਨ ਹਾਰਦਿਕ ਸਿੰਘ ਨੇ ਮਿਡਫ਼ੀਲਡ ਵਿੱਚ ਵਧੀਆ ਖੇਡ ਦਿਖਾਈ। ਪਿਛਲੇ ਮੈਚ ਵਿੱਚ ਆਰਾਮ ਦਿੱਤੇ ਗਏ ਸਟ੍ਰਾਈਕਰ ਮਨਦੀਪ ਸਿੰਘ, ਜਿਨ੍ਹਾਂ ਨੇ ਬੰਗਲਾਦੇਸ਼ ਵਿਰੁੱਧ 3 ਗੋਲ ਕੀਤੇ ਸਨ, ਦੇ ਮਲੇਸ਼ੀਆ ਵਿਰੁੱਧ ਮੈਚ ਵਿੱਚ ਵਾਪਸੀ ਕਰਨ ਦੀ ਉਮੀਦ ਹੈ। ਭਾਰਤ ਅਤੇ ਮਲੇਸ਼ੀਆ ਵਿਚਾਲੇ ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ।