ਨਵੀਂ ਦਿੱਲੀ : ਕੇਂਦਰ ਸਰਕਾਰ ਨੇ 4 ਸਾਲਾਂ ਲਈ ਭਾਰਤੀ ਫ਼ੌਜ 'ਚ ਭਰਤੀ ਹੋਏ 'ਅਗਨੀਵੀਰਾਂ' ਲਈ ਵੱਡਾ ਐਲਾਨ ਕੀਤਾ ਹੈ। ਹੁਣ ਆਪਣੀ 4 ਸਾਲਾਂ ਦੀ ਸਰਵਿਸ ਪੂਰੀ ਕਰਨ ਵਾਲੇ 'ਅਗਨੀਵੀਰਾਂ' ਨੂੰ ਅਗਲੇ 2 ਸਾਲਾਂ ਲਈ ਹੋਰ ਸੇਵਾ ਕਰਨ ਦਾ ਆਪਸ਼ਨ ਮਿਲੇਗਾ, ਜਿਸ ਨਾਲ ਉਹ ਕੁੱਲ 6 ਸਾਲਾਂ ਤੱਕ ਭਾਰਤੀ ਫ਼ੌਜ 'ਚ ਸੇਵਾ ਨਿਭਾ ਸਕਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਿਨਟ ਦੁਆਰਾ ਲਏ ਗਏ ਇਸ ਫੈਸਲੇ ਦਾ ਐਲਾਨ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਐੱਨ.ਐੱਸ. ਰਾਜਾ ਸੁਬਰਾਮਣੀ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਫ਼ੈਸਲੇ ਮੁਤਾਬਕ 4 ਸਾਲਾਂ ਦੀ ਸੇਵਾ ਤੋਂ ਬਾਅਦ 25 ਫੀਸਦੀ ਅਗਨੀਵੀਰਾਂ ਨੂੰ ਭਾਰਤੀ ਫੌਜ 'ਚ ਸਿੱਧੇ ਪੱਕੇ ਤੌਰ 'ਤੇ ਭਰਤੀ ਕੀਤਾ ਜਾਵੇਗਾ, ਜਦਕਿ ਬਾਕੀ 75 ਫੀਸਦੀ ਅਗਨੀਵੀਰਾਂ ਨੂੰ ਵਾਪਸ ਭੇਜਣ ਦੀ ਬਜਾਏ, ਉਨ੍ਹਾਂ ਨੂੰ 2 ਸਾਲ ਦੀ ਵਾਧੂ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਸੀ.ਡੀ.ਐੱਸ. ਜਨਰਲ ਸੁਬਰਾਮਣੀ ਅਨੁਸਾਰ, ਇਹ ਵਾਧੂ 2 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਸਾਰੇ ਅਗਨੀਵੀਰਾਂ ਨੂੰ ਫਿਰ ਤੋਂ ਭਾਰਤੀ ਫੌਜ 'ਚ ਪੱਕੇ ਤੌਰ 'ਤੇ ਭਰਤੀ ਹੋਣ ਦਾ ਮੌਕਾ ਮਿਲੇਗਾ। ਇਹ ਪ੍ਰਕਿਰਿਆ ਅਗਨੀਵੀਰਾਂ ਦੀ ਇੱਛਾ ਅਤੇ ਸਿਲੈਕਸ਼ਨ ਦੇ ਮਾਪਦੰਡਾਂ 'ਤੇ ਆਧਾਰਿਤ ਹੋਵੇਗੀ। 2 ਸਾਲ ਦੀ ਵਾਧੂ ਸੇਵਾ ਦਾ ਆਪਸ਼ਨ ਲੈਣ ਵਾਲੇ ਅਗਨੀਵੀਰਾਂ ਨੂੰ ਪਹਿਲਾਂ ਨਾਲੋਂ ਵੱਧ ਤਨਖਾਹ ਅਤੇ ਵਧੇ ਹੋਏ ਫੰਡ ਲਾਭ ਮਿਲਣਗੇ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਵੀ ਵੱਡਾ ਫਾਇਦਾ ਹੋਵੇਗਾ।
ਅਗਨੀਵੀਰਾਂ ਦੀ ਕਾਰਗੁਜ਼ਾਰੀ ਦਾ ਸਮੇਂ-ਸਮੇਂ 'ਤੇ ਮੁਲਾਂਕਣ ਕੀਤਾ ਜਾਵੇਗਾ, ਜਿਸ 'ਚ ਉਨ੍ਹਾਂ ਦੀ ਸਰੀਰਕ ਫਿੱਟਨੈੱਸ, ਅਨੁਸ਼ਾਸਨ, ਮਨੋਬਲ ਅਤੇ ਤਕਨੀਕੀ ਮਾਹਰਤ ਸ਼ਾਮਲ ਹੋਵੇਗੀ। ਜ਼ਿਕਰਯੋਗ ਹੈ ਕਿ ਅਗਨੀਵੀਰਾਂ ਦਾ ਸਭ ਤੋਂ ਪਹਿਲਾ ਬੈਚ ਇਸੇ ਮਹੀਨੇ ਆਪਣੀ 4 ਸਾਲਾਂ ਦੀ ਸੇਵਾ ਪੂਰੀ ਕਰ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਪਹਿਲੇ ਬੈਚ ਦੇ ਹਜ਼ਾਰਾਂ ਨੌਜਵਾਨਾਂ ਨੂੰ ਤੁਰੰਤ ਵੱਡਾ ਲਾਭ ਮਿਲੇਗਾ।