ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) 2002 ਤਹਿਤ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਖ਼ਿਲਾਫ ਵੱਡੀ ਕਾਰਵਾਈ ਕਰਦਿਆਂ 510 ਕਰੋੜ ਰੁਪਏ ਦੀਆਂ ਹੋਰ ਜਾਇਦਾਦਾਂ ਨੂੰ ਅਸਥਾਈ ਤੌਰ ’ਤੇ ਕੁਰਕ ਕੀਤਾ ਹੈ, ਜਿਨ੍ਹਾਂ ਵਿਚ 2 ਜਹਾਜ਼ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਸਮੂਹ ਦੇ ਵੱਖ-ਵੱਖ ਮਾਮਲਿਆਂ ਵਿਚ ਹੁਣ ਤੱਕ ਕੁੱਲ ਕੁਰਕੀ ਦਾ ਅੰਕੜਾ ਲੱਗਭਗ 23,100 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਈ. ਡੀ. ਅਨੁਸਾਰ, ਇਹ ਕਾਰਵਾਈ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (ਆਰ-ਕਾਮ) ਅਤੇ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ/ਰਿਲਾਇੰਸ ਕਮਰਸ਼ੀਅਲ ਫਾਇਨਾਂਸ ਲਿਮਟਿਡ (ਆਰ. ਐੱਚ. ਐੱਫ. ਐੱਲ./ਆਰ. ਸੀ. ਐੱਫ. ਐੱਲ.) ਦੇ ਕ੍ਰਮਵਾਰ 247.12 ਕਰੋੜ ਰੁਪਏ ਅਤੇ 263.05 ਕਰੋੜ ਰੁਪਏ ਦੇ ਬੈਂਕ ਧੋਖਾਦੇਹੀ ਦੇ ਮਾਮਲੇ ਨਾਲ ਸਬੰਧਤ ਹੈ।
ਆਰ-ਕਾਮ ਮਾਮਲੇ ਵਿਚ ਮਹਾਰਾਸ਼ਟਰ ਵਿਚ ਸਥਿਤ 2 ਚਾਰਟਰਡ ਜਹਾਜ਼, 6 ਪਲਾਟ ਅਤੇ ਇਕ ਦਫ਼ਤਰ ਕੰਪਲੈਕਸ ਕੁਰਕ ਕੀਤਾ ਗਿਆ ਹੈ। ਦੂਜੇ ਪਾਸੇ, ਆਰ. ਐੱਚ. ਐੱਫ. ਐੱਲ./ਆਰ. ਸੀ. ਐੱਫ. ਐੱਲ. ਮਾਮਲੇ ਵਿਚ ਤਾਮਿਲਨਾਡੂ ਵਿਚ ਸਥਿਤ ਦੋ ਪਵਨ ਚੱਕੀਆਂ (ਵਿੰਡਮਿਲਜ਼), ਬੈਂਕ ਜਮ੍ਹਾ ਰਾਸ਼ੀ ਅਤੇ ਫਿਕਸਡ ਡਿਪਾਜ਼ਿਟ ਕੁਰਕ ਕੀਤੇ ਗਏ ਹਨ।