ਰਾਏਪੁਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਪਾਰਟੀ ’ਤੇ ਨਕਸਲਵਾਦ ਦੀ ਹਮਾਇਤ ਕਰਨ ਦਾ ਦੋਸ਼ ਲਾਉਂਦੇ ਹੋਏ ਮੰਗਲਵਾਰ ਕਿਹਾ ਕਿ ਪਾਰਟੀ ਨੇਤਾ ਰਾਹੁਲ ਗਾਂਧੀ ਨੇ ਨਕਸਲੀਆਂ ਗੈਰ-ਸੰਵਿਧਾਨਕ ‘ਜਨਤਾ ਸਰਕਾਰ’ ਦੀ ਹਮਾਇਤ ਕੀਤੀ ਤੇ ਕੁਝ ਦਿਨ ਪਹਿਲਾਂ ‘ਮੌਕ ਸੰਸਦ’' ਦਾ ਆਯੋਜਨ ਕਰਕੇ ਸੰਸਦ ਦਾ ਮਜ਼ਾਕ ਉਡਾਇਆ।
ਨਯਾ ਰਾਏਪੁਰ ’ਚ ਆਯੋਜਿਤ 3 ਦਿਨਾਂ ‘ਛੱਤੀਸਗੜ੍ਹ ਰਾਜਯੋਤਸਵ’ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਨੀਤੀ ਬਹੁਤ ਸਪੱਸ਼ਟ ਹੈ। ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਨੂੰ ਨਾਗਰਿਕ ਮੰਨਿਆ ਜਾਵੇਗਾ ਪਰ ਕਾਨੂੰਨ ਤੋੜਨ ਵਾਲਿਆਂ ਨਾਲ ਸੁਰੱਖਿਆ ਫੋਰਸਾਂ ਵੱਲੋਂ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਭਾਵੇਂ ਉਹ ਬਸਤਰ ਹੋਵੇ, ਉੱਤਰ-ਪੂਰਬ ਹੋਵੇ ਜਾਂ ਕਸ਼ਮੀਰ।
ਮਨੁੱਖੀ ਅਧਿਕਾਰਾਂ ਦੇ ਨਾਂ ’ਤੇ ਨਕਸਲਵਾਦ ਦੀ ਹਮਾਇਤ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ਾਹ ਨੇ ਪੁੱਛਿਆ ਕਿ ਕੀ ਮਨੁੱਖੀ ਅਧਿਕਾਰ ਸਿਰਫ ਹਥਿਆਰਬੰਦ ਮਾਓਵਾਦੀਆਂ ਲਈ ਹਨ ਜੋ ਵਿਕਾਸ ’ਚ ਰੁਕਾਵਟ ਪਾਉਂਦੇ ਹਨ, ਗਰੀਬ ਆਦਿਵਾਸੀਆਂ ਲਈ ਨਹੀਂ?
ਅਮਿਤ ਸ਼ਾਹ ਨੇ ਕਿਹਾ ਕਿ ਜਿਹੜੇ ਲੋਕ ਬਸਤਰ ਦੀ ਸਥਿਤੀ ਬਾਰੇ ਲੰਬੇ-ਲੰਬੇ ਲੇਖ ਲਿਖਦੇ ਸਨ ਤੇ ਸਲਾਹਾਂ ਦਿੰਦੇ ਸਨ, ਇਸ ਇਲਾਕੇ ’ਚ ਇਕ ਦਿਨ ਵੀ ਬਿਤਾਉਣ ਦੀ ਹਿੰਮਤ ਨਹੀਂ ਰੱਖਦੇ ਸਨ। ਮੈਂ ਉਨ੍ਹਾਂ ਨੂੰ ਹੁਣ ਇੱਥੇ ਆਉਣ ਦਾ ਸੱਦਾ ਦਿੰਦਾ ਹਾਂ। ਡਰੋ ਨਾ, ਹੁਣ ਕੋਈ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਏਗਾ। ਇੱਥੇ ਆਓ ਅਤੇ ਵਿਕਾਸ ਦੀ ਲਹਿਰ ਵੇਖੋ।
ਕਾਂਗਰਸ ’ਚ ਨਕਸਲਵਾਦ ਨੂੰ ਖਤਮ ਕਰਨ ਦੀ ਨਹੀਂ ਸੀ ਇੱਛਾ ਸ਼ਕਤੀ
ਸ਼ਾਹ ਨੇ ਕਿਹਾ ਕਿ ਜਦੋਂ ਛੱਤੀਸਗੜ੍ਹ ’ਚ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਦੀ ਅਗਵਾਈ ਵਾਲੀ ਭਾਜਪਾ ਦੇ 15 ਸਾਲਾਂ ਦੇ ਰਾਜ ਦੌਰਾਨ ਵਿਕਾਸ ਕਾਰਜ ਹੋਏ ਸਨ ਤਾਂ ਉਸ ਸਮੇਂ ਕੇਂਦਰ ਦੀ ਕਾਂਗਰਸ ਸਰਕਾਰ ’ਚ ਨਕਸਲਵਾਦ ਨੂੰ ਖਤਮ ਕਰਨ ਦੀ ਸਿਆਸੀ ਇੱਛਾ ਸ਼ਕਤੀ ਨਹੀਂ ਸੀ। ਜਿਸ ਜ਼ਮੀਨ ਨੂੰ ਸੱਭਿਆਚਾਰਕ ਨਖਲਿਸਤਾਨ ਹੋਣਾ ਚਾਹੀਦਾ ਸੀ, ਉਸ ਨੂੰ ਲਾਲ ਗਲਿਆਰਾ ਬਣਾ ਦਿੱਤਾ ਗਿਆ। ਜਿਸ ਜੰਗਲ ’ਚੋਂ ਮਹੂਆ, ਤੇਂਦੂ ਪੱਤੇ ਤੇ ਲੋਕ ਗੀਤ ਨਿਕਲਣੇ ਚਾਹੀਦੇ ਸਨ, ਉਥੇ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ। ਇਕ ਬੱਚਾ ਜਿਸ ਦੇ ਹੱਥ ’ਚ ਕਲਮ ਫੜੀ ਹੋਣੀ ਚਾਹੀਦੀ ਸੀ, ਨੂੰ ਸਕੂਲ ਤੋਂ ਅਗਵਾ ਕਰ ਲਿਆ ਗਿਆ ਤੇ ਬੰਦੂਕ ਫੜਾ ਦਿੱਤੀ ਗਈ। ਜਿਸ ਸਕੂਲ ਦੀ ਘੰਟੀ ਵਜਾਈ ਜਾਣੀ ਚਾਹੀਦੀ ਸੀ, ਉਸ ਸਕੂਲ ਦੀ ਇਮਾਰਤ ਨੂੰ ਹੀ ਉਡਾ ਦਿੱਤਾ ਗਿਆ।