ਜਲਵਾਯੂ ਤਬਦੀਲੀ ਦਾ ਅਸਰ ਗਲੋਬਲ ਪੱਧਰ 'ਤੇ ਦਿਖਾਈ ਦੇ ਰਿਹਾ ਹੈ। ਇਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ ਕਿ ਹਵਾ ਪ੍ਰਦੂਸ਼ਣ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਮੈਨਿਨਜੀਓਮਾ ਨਾਮਕ ਦਿਮਾਗੀ ਟਿਊਮਰ ਦਾ ਖ਼ਤਰਾ ਵਧ ਸਕਦਾ ਹੈ। ਇਹ ਟਿਊਮਰ ਆਮ ਤੌਰ 'ਤੇ ਕੈਂਸਰ ਵਾਲਾ ਨਹੀਂ ਹੁੰਦਾ, ਪਰ ਆਕਾਰ ਵਿੱਚ ਵਧ ਸਕਦਾ ਹੈ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਭਾਰਤ ਵਿੱਚ ਦਿੱਲੀ, ਮੁੰਬਈ, ਕਾਨਪੁਰ, ਵਾਰਾਣਸੀ ਵਰਗੇ ਸ਼ਹਿਰਾਂ ਨੂੰ ਵਿਸ਼ਵ ਹਵਾ ਗੁਣਵੱਤਾ ਸੂਚਕਾਂਕ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇਹ ਅਧਿਐਨ ਇੱਕ ਚੇਤਾਵਨੀ ਹੈ ਕਿ ਹਵਾ ਪ੍ਰਦੂਸ਼ਣ ਫੇਫੜਿਆਂ ਦੇ ਨਾਲ-ਨਾਲ ਦਿਮਾਗ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਡੈਨਿਸ਼ ਕੈਂਸਰ ਸੋਸਾਇਟੀ ਦੁਆਰਾ ਕੀਤੀ ਗਈ ਖੋਜ ਦਰਸਾਉਂਦੀ ਹੈ ਕਿ ਅਲਟਰਾਫਾਈਨ ਕਣ ਇੰਨੇ ਸੂਖਮ ਹੁੰਦੇ ਹਨ ਕਿ ਉਹ ਬਲੱਡ-ਬ੍ਰੇਨ ਦੀ ਰੁਕਾਵਟ ਨੂੰ ਪਾਰ ਕਰ ਕੇ ਦਿਮਾਗ ਤੱਕ ਪਹੁੰਚਦੇ ਹਨ ਅਤੇ ਉੱਥੇ ਤੰਤੂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੇ ਹਨ।
ਡੈਨਮਾਰਕ ਵਿੱਚ 21 ਸਾਲਾਂ ਤੱਕ 40 ਲੱਖ ਬਾਲਗਾਂ 'ਤੇ ਕੀਤੇ ਗਏ ਅਧਿਐਨ ਵਿੱਚ 16,596 ਲੋਕਾਂ ਵਿੱਚ ਕੇਂਦਰੀ ਨਸ ਪ੍ਰਣਾਲੀ ਨਾਲ ਸਬੰਧਤ ਟਿਊਮਰ ਪਾਏ ਗਏ, ਇਨ੍ਹਾਂ ਵਿੱਚੋਂ 4,645 ਮਾਮਲੇ ਮੈਨਿਨਜਿਓਮਾ ਦੇ ਸਨ। ਖੋਜ ਅਨੁਸਾਰ ਇਸ ਟਿਊਮਰ ਦਾ ਖ਼ਤਰਾ ਉਨ੍ਹਾਂ ਖੇਤਰਾਂ ਵਿੱਚ ਜ਼ਿਆਦਾ ਸੀ ਜਿੱਥੇ ਆਵਾਜਾਈ ਨਾਲ ਸਬੰਧਤ ਹਵਾ ਪ੍ਰਦੂਸ਼ਣ, ਜਿਵੇਂ ਕਿ ਨਾਈਟ੍ਰੋਜਨ ਡਾਈਆਕਸਾਈਡ ਅਤੇ ਅਲਟਰਾਫਾਈਨ ਕਣ, ਜ਼ਿਆਦਾ ਸਨ।
ਜਾਣੋ ਮੈਨਿਨਜੀਓਮਾ ਬਾਰੇ
ਇਹ ਇੱਕ ਅਸਧਾਰਨ ਵਾਧਾ ਹੈ ਜੋ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਝਿੱਲੀਆਂ ਵਿੱਚ ਬਣਦਾ ਹੈ। ਇਸਦੇ ਲੱਛਣਾਂ ਵਿੱਚ ਸਿਰ ਦਰਦ, ਧੁੰਦਲੀ ਨਜ਼ਰ, ਦੌਰੇ ਅਤੇ ਯਾਦਦਾਸ਼ਤ ਦਾ ਨੁਕਸਾਨ ਸ਼ਾਮਲ ਹੋ ਸਕਦਾ ਹੈ। ਖੋਜੀ ਮੰਨਦੇ ਹਨ ਕਿ ਇਸ 'ਤੇ ਹੋਰ ਖੋਜ ਦੀ ਲੋੜ ਹੈ, ਪਰ ਇਹ ਸਪੱਸ਼ਟ ਹੈ ਕਿ ਹਵਾ ਪ੍ਰਦੂਸ਼ਣ ਹੁਣ ਚੁੱਪਚਾਪ ਦਿਮਾਗ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ।