ਕਿਡਨੀ ਸਾਡੇ ਸਰੀਰ 'ਚ ਇੱਕ ਮਹੱਤਵਪੂਰਨ ਅੰਗ ਹਨ, ਜੋ ਖੂਨ ਨੂੰ ਸ਼ੁੱਧ ਕਰਨ, ਪਿਸ਼ਾਬ ਕੱਢਣ ਅਤੇ ਬਲੱਡ ਪ੍ਰੈਸ਼ਰ ਅਤੇ ਹਾਰਮੋਨਲ ਕਾਰਜਾਂ ਨੂੰ ਠੀਕ ਰੱਖਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਹਾਲਾਂਕਿ, ਜਦੋਂ ਦੋਵੇਂ ਗੁਰਦੇ ਪੂਰੀ ਤਰ੍ਹਾਂ ਫੇਲ੍ਹ ਹੋ ਜਾਂਦੇ ਹਨ, ਤਾਂ ਇਹ ਇੱਕ ਗੰਭੀਰ ਸਥਿਤੀ ਬਣ ਜਾਂਦੀ ਹੈ। BLK-Max ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸਲਾਹਕਾਰ ਅਤੇ ਨੈਫਰੋਲੋਜਿਸਟ ਡਾ. ਭਾਨੂ ਮਿਸ਼ਰਾ ਨੇ ਗੁਰਦੇ ਫੇਲ੍ਹ ਹੋਣ ਦੇ ਜੋਖਮਾਂ ਅਤੇ ਰੋਕਥਾਮ ਉਪਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਗੁਰਦੇ ਫੇਲ੍ਹ ਹੋਣ 'ਤੇ ਕੀ ਹੁੰਦਾ ਹੈ?
ਡਾ. ਮਿਸ਼ਰਾ ਦੇ ਅਨੁਸਾਰ, ਜਦੋਂ ਦੋਵੇਂ ਗੁਰਦੇ ਪੂਰੀ ਤਰ੍ਹਾਂ ਫੇਲ੍ਹ ਹੋ ਜਾਂਦੇ ਹਨ, ਤਾਂ ਸਰੀਰ ਜ਼ਹਿਰੀਲੇ ਪਦਾਰਥਾਂ ਅਤੇ ਵਾਧੂ ਤਰਲ ਪਦਾਰਥਾਂ ਨੂੰ ਖਤਮ ਕਰਨ ਵਿੱਚ ਅਸਮਰੱਥ ਹੁੰਦਾ ਹੈ। ਇਸ ਨਾਲ ਯੂਰੇਮੀਆ ਨਾਮਕ ਸਥਿਤੀ ਪੈਦਾ ਹੁੰਦੀ ਹੈ, ਜਿਸ ਵਿੱਚ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਲਾਜ ਤੋਂ ਬਿਨਾਂ, ਇੱਕ ਵਿਅਕਤੀ ਸਿਰਫ ਕੁਝ ਦਿਨਾਂ ਤੋਂ ਕੁਝ ਹਫ਼ਤਿਆਂ ਤੱਕ ਹੀ ਜੀਅ ਸਕਦਾ ਹੈ। ਇਹ ਸਮਾਂ ਵਿਅਕਤੀ ਦੀ ਉਮਰ, ਹੋਰ ਸਰੀਰਕ ਸਥਿਤੀਆਂ ਅਤੇ ਗੁਰਦੇ ਫੇਲ੍ਹ ਹੋਣ ਦੀ ਗਤੀ 'ਤੇ ਨਿਰਭਰ ਕਰਦਾ ਹੈ। ਇਸ ਸਮੇਂ ਦੌਰਾਨ, ਮਰੀਜ਼ ਨੂੰ ਹੱਥਾਂ ਅਤੇ ਪੈਰਾਂ ਵਿੱਚ ਸੋਜ, ਥਕਾਵਟ ਅਤੇ ਕਮਜ਼ੋਰੀ ਵਰਗੇ ਲੱਛਣਾਂ ਦਾ ਅਨੁਭਵ ਹੋ ਸਕਦਾ ਹੈ।
ਡਾਇਲਸਿਸ ਅਤੇ ਟ੍ਰਾਂਸਪਲਾਂਟ ਹਨ ਜੀਵਨ ਰੱਖਿਅਕ
ਡਾ. ਮਿਸ਼ਰਾ ਦੱਸਦੇ ਹਨ ਕਿ ਜੇਕਰ ਡਾਇਲਸਿਸ ਜਾਂ ਗੁਰਦਾ ਟ੍ਰਾਂਸਪਲਾਂਟ ਸਮੇਂ ਸਿਰ ਨਹੀਂ ਕੀਤਾ ਜਾਂਦਾ ਹੈ ਤਾਂ ਸਰੀਰ 'ਚ ਜ਼ਹਿਰੀਲੇ ਪਦਾਰਥਾਂ ਦੇ ਵਧੇ ਹੋਏ ਪੱਧਰ ਹਾਈ ਬਲੱਡ ਪ੍ਰੈਸ਼ਰ, ਸਾਹ ਲੈਣ ਵਿੱਚ ਮੁਸ਼ਕਲ, ਕੋਮਾ ਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਡਾਇਲਸਿਸ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਅਤੇ ਵਾਧੂ ਪਾਣੀ ਨੂੰ ਹਟਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਮਰੀਜ਼ ਕਈ ਸਾਲਾਂ ਤੱਕ ਜੀ ਸਕਦੇ ਹਨ। ਗੁਰਦਾ ਟ੍ਰਾਂਸਪਲਾਂਟ ਵੀ ਇੱਕ ਪ੍ਰਭਾਵਸ਼ਾਲੀ ਵਿਕਲਪ ਹੈ, ਜਿਸ ਨਾਲ ਮਰੀਜ਼ ਆਮ ਜੀਵਨ ਜੀਅ ਸਕਦੇ ਹਨ। ਡਾ. ਮਿਸ਼ਰਾ ਸਲਾਹ ਦਿੰਦੇ ਹਨ ਕਿ ਜਿਵੇਂ ਹੀ ਗੁਰਦੇ ਫੇਲ੍ਹ ਹੋਣ ਦੇ ਲੱਛਣ ਦਿਖਾਈ ਦਿੰਦੇ ਹਨ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਸਿਹਤਮੰਦ ਕਿਡਨੀ ਲਈ ਵਰਤੋਂ ਇਹ ਉਪਾਅ
ਡਾ. ਮਿਸ਼ਰਾ ਗੁਰਦੇ ਨੂੰ ਸਿਹਤਮੰਦ ਰੱਖਣ ਲਈ ਕੁਝ ਮਹੱਤਵਪੂਰਨ ਸੁਝਾਅ ਦਿੰਦੇ ਹਨ:
ਹਾਈਡਰੇਸ਼ਨ: ਲੋੜੀਂਦੀ ਮਾਤਰਾ ਵਿੱਚ ਪਾਣੀ ਪੀ ਕੇ ਸਰੀਰ ਨੂੰ ਹਾਈਡ੍ਰੇਟ ਰੱਖੋ।
ਸੰਤੁਲਿਤ ਖੁਰਾਕ: ਨਮਕ ਦਾ ਸੇਵਨ ਘਟਾਓ ਅਤੇ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰੋ।
ਕਸਰਤ: ਰੋਜ਼ਾਨਾ ਕਸਰਤ ਕਰੋ ਅਤੇ ਸਰੀਰਕ ਤੰਦਰੁਸਤੀ 'ਤੇ ਧਿਆਨ ਕੇਂਦਰਿਤ ਕਰੋ।
ਸਾਵਧਾਨੀ: ਦਰਦ ਨਿਵਾਰਕ ਅਤੇ ਸਿਗਰਟਨੋਸ਼ੀ ਦੀ ਜ਼ਿਆਦਾ ਵਰਤੋਂ ਤੋਂ ਬਚੋ।