ਨਵੀਂ ਦਿੱਲੀ : ਦਿੱਲੀ ਦੀ ਸਿਆਸਤ ਵਿੱਚ ਅਰਵਿੰਦ ਕੇਜਰੀਵਾਲ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਹੋਰ ਤੇਜ਼ ਹੋ ਗਿਆ ਹੈ। ਭਾਜਪਾ ਵਿਧਾਇਕ ਕਪਿਲ ਮਿਸ਼ਰਾ ਨੇ ਕੇਜਰੀਵਾਲ ਸਰਕਾਰ ਨੂੰ ਸਿੱਧਾ ਚੁਣੌਤੀ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਐੱਫ.ਆਈ.ਆਰ. ਅਤੇ ਪੁਲਸ ਦੇ ਡਰ ਨਾਲ ਦਬਣ ਵਾਲੇ ਨਹੀਂ ਹਨ।
ਆਤਿਸ਼ੀ ਮਾਮਲੇ 'ਚ ਜਲੰਧਰ 'ਚ ਦਰਜ ਐੱਫ.ਆਈ.ਆਰ. ਤੋਂ ਬਾਅਦ ਦਿੱਲੀ ਦੇ ਭਾਜਪਾ ਵਿਧਾਇਕ ਕਪਿਲ ਮਿਸ਼ਰਾ ਦਾ ਬਿਆਨ ਸਾਹਮਣੇ ਆਇਆ ਹੈ। ਕਪਿਲ ਮਿਸ਼ਰਾ ਨੇ ਟਵੀਟ ਕਰਕੇ ਕਿਹਾ ਕਿ ਕੇਜਰੀਵਾਲ ਜੀ, ਤੁਹਾਡੀ ਐੱਫ.ਆਈ.ਆਰ. ਅਤੇ ਪੁਲਸ ਦੀ ਧਮਕੀ ਸਾਨੂੰ ਡਰਾ ਨਹੀਂ ਸਕਦੀ।
ਕਪਿਲ ਮਿਸ਼ਰਾ ਨੇ ਕਿਹਾ ਕਿ ਆਤਿਸ਼ੀ ਦੀ ਵੀਡੀਓ ਦਿੱਲੀ ਵਿਧਾਨ ਸਭਾ ਦੇ ਰਿਕਾਰਡ ਵਿੱਚ ਹੈ ਅਤੇ ਪੂਰੀ ਦੁਨੀਆ ਨੇ ਇਸਨੂੰ ਸੁਣਿਆ ਹੈ। ਉਸ ਦਿਨ ਤੋਂ, ਆਤਿਸ਼ੀ ਨੇ ਵਿਧਾਨ ਸਭਾ ਵਿੱਚ ਆਉਣ ਦੀ ਹਿੰਮਤ ਨਹੀਂ ਕੀਤੀ ਜਦੋਂਕਿ ਸਪੀਕਰ ਨੇ ਉਸਨੂੰ ਕਈ ਵਾਰ ਤਲਬ ਕੀਤਾ ਸੀ। ਪੰਜਾਬ ਪੁਲਿਸ, ਪੰਜਾਬ ਵਿੱਚ ਅਪਰਾਧਾਂ ਦੀ ਜਾਂਚ ਕਰਨ ਦੀ ਬਜਾਏ, ਤੁਹਾਡੇ ਵਿਰੋਧੀ ਧਿਰ ਦੇ ਨੇਤਾ ਦੁਆਰਾ ਕੀਤੇ ਗਏ ਅਪਰਾਧਾਂ ਨੂੰ ਛੁਪਾਉਣ ਲਈ ਕੰਮ ਕਰ ਰਹੀ ਹੈ। ਆਤਿਸ਼ੀ ਨੇ ਇੱਕ ਅਪਰਾਧ ਕੀਤਾ ਹੈ, ਪਰ ਉਸਨੂੰ ਬਚਾ ਕੇ, ਤੁਸੀਂ ਇੱਕ ਹੋਰ ਵੀ ਵੱਡਾ ਪਾਪ ਕਰ ਰਹੇ ਹੋ। ਕਪਿਲ ਮਿਸ਼ਰਾ ਦੇ ਇਸ ਬਿਆਨ ਨੇ ਦਿੱਲੀ ਦੇ ਸਿਆਸੀ ਗਲਿਆਰਿਆਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਹੰਗਾਮਾ ਹੋਰ ਵਧਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਜਲੰਧਰ ਪੁਲਸ ਨੇ ਆਤਿਸ਼ੀ ਦੀ ਵੀਡੀਓ ਨਾਲ ਛੇੜਛਾੜ ਕਰਕੇ ਅਤੇ ਤਕਨੀਕੀ ਰੂਪ ਨਾਲ ਬਦਲ ਕੇ ਗਲਤ ਢੰਗ ਨਾਲ ਅਪਲੋਡ ਅਤੇ ਪ੍ਰਸਾਰਿਤ ਕਰਨ ਦੇ ਮਾਮਲੇ 'ਚ ਕਪਿਲ ਮਿਸ਼ਰਾ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। ਕਿਉਂਕਿ ਪੁਲਸ ਅਨੁਸਾਰ ਇਹ ਵੀਡੀਓ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਾਂਝੀ ਕੀਤੀ ਗਈ ਸੀ। ਵੀਡੀਓ ਦੀ ਫੋਰੈਂਸਿਕ ਜਾਂਚ ਜਾਂਚ ਕਰਨ ਤੋਂ ਬਾਅਦ ਜਲੰਧਰ ਪੁਲਸ ਨੇ ਕਪਿਲ ਮਿਸ਼ਰਾ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਹੈ।