ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਯਾਨੀ ਅੱਜ ਸ਼ਾਮ ਗੁਜਰਾਤ ਦੇ ਸੋਮਨਾਥ ਮੰਦਰ 'ਚ ਓਂਕਾਰ ਮੰਤਰ ਜਾਪ 'ਚ ਸ਼ਾਮਲ ਹੋਣਗੇ ਅਤੇ ਇਕ ਡਰੋਨ ਸ਼ੋਅ ਵੀ ਦੇਖਣਗੇ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਕ ਸ਼ੌਰਿਆ ਯਾਤਰਾ 'ਚ ਹਿੱਸਾ ਲੈਣਗੇ। ਇਹ ਇਕ ਰਸਮੀ ਜੁਲੂਸ ਹੈ, ਜੋ ਮੰਦਰ ਦੀ ਰੱਖਿਆ ਕਰਦੇ ਹੋਏ ਆਪਣੇ ਜਾਨ ਦਾ ਬਲੀਦਾਨ ਕਰਨ ਵਾਲੇ ਯੋਧਿਆਂ ਦੀ ਯਾਦ 'ਚ ਆਯੋਜਿਤ ਕੀਤਾ ਗਿਆ ਹੈ। ਇਸ ਸ਼ੌਰਿਆ ਯਾਤਰਾ 'ਚ ਵੀਰਤਾ ਅਤੇ ਬਲੀਦਾਨ ਦੇ ਪ੍ਰਤੀਕ ਵਜੋਂ 108 ਘੋੜਿਆਂ ਦਾ ਇਕ ਪ੍ਰਤੀਕਾਤਮਕ ਜੁਲੂਸ ਕੱਢਿਆ ਜਾਵੇਗਾ।
ਇਸ ਓਂਕਾਰ ਮੰਤਰ ਦਾ ਜਾਪ 72 ਘੰਟੇ ਕੀਤਾ ਜਾਣਾ ਹੈ। ਪ੍ਰਧਾਨ ਮੰਤਰੀ ਐਤਵਾਰ ਸਵੇਰੇ ਲਗਭਗ 10.15 ਵਜੇ ਸੋਮਨਾਥ ਮੰਦਰ 'ਚ ਪੂਜਾ ਕਰਨਗੇ ਅਤੇ ਇਸ ਤੋਂ ਬਾਅਦ ਸੋਮਨਾਥ ਸਵਾਭਿਮਾਨ ਉਤਸਵ ਮੌਕੇ ਆਯੋਜਿਤ ਇਕ ਜਨਤਕ ਪ੍ਰੋਗਰਾਮ 'ਚ ਹਿੱਸਾ ਲੈਣਗੇ। ਉਹ ਸੋਮਨਾਥ ਮੰਦਰ 'ਚ ਦਰਸ਼ਨ ਅਤੇ ਪੂਜਾ ਦੇ ਨਾਲ ਹੀ ਸਵਾਭਿਮਾਨ ਉਤਸਵ ਦੇ ਜਨਤਕ ਸਮਾਰੋਹ 'ਚ ਵੀ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਦਾ ਆਯੋਜਿਤ ਸਾਲ 1026 'ਚ ਸੋਮਨਾਥ ਮੰਦਰ 'ਤੇ ਮਹਿਮੂਦ ਗਜਨਵੀ ਦੇ ਹਮਲੇ ਦੀ ਇਕ ਹਜ਼ਾਰਵੀਂ ਵਰ੍ਹੇਗੰਢ ਮੌਕੇ ਕੀਤਾ ਜਾ ਰਿਹਾ ਹੈ। ਸੋਮਨਾਥ ਸਵਾਭਿਮਾਨ ਉਤਸਵ 'ਚ ਦੇਸ਼ ਭਰ ਤੋਂ ਸੈਂਕੜੇ ਸਾਧੂ-ਸੰਤ ਹਿੱਸਾ ਲੈਣਗੇ।