ਇੰਫਾਲ : ਮਣੀਪੁਰ ਦੀ ਘਾਟੀ 'ਚ ਸੁਰੱਖਿਆ ਸਥਿਤੀ ਵਿਗੜਨ ਕਾਰਨ ਆਉਣ ਵਾਲੇ ਦਿਨਾਂ 'ਚ ਤੇਲ ਦੀ ਭਾਰੀ ਕਿੱਲਤ ਹੋ ਸਕਦੀ ਹੈ। ਬਿਸ਼ਨੂਪੁਰ ਜ਼ਿਲ੍ਹੇ 'ਚ ਇੱਕ ਪੈਟਰੋਲ ਪੰਪ 'ਤੇ ਹੋਏ ਬੰਬ ਹਮਲੇ ਤੋਂ ਬਾਅਦ ‘ਮਣੀਪੁਰ ਪੈਟਰੋਲੀਅਮ ਡੀਲਰਜ਼ ਫਰੈਟਰਨਿਟੀ’ (MPDF) ਨੇ ਸ਼ਨੀਵਾਰ ਤੋਂ ਘਾਟੀ ਖੇਤਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸਾਰੇ ਪੈਟਰੋਲ ਪੰਪ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ।
ਕੀ ਹੈ ਪੂਰਾ ਮਾਮਲਾ?
ਵੀਰਵਾਰ ਰਾਤ ਨੂੰ ਬਿਸ਼ਨੂਪੁਰ ਜ਼ਿਲ੍ਹੇ ਦੇ ਮੋਇਰਾਂਗ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਪੈਟਰੋਲ ਪੰਪ 'ਤੇ ਬੰਬ ਸੁੱਟਿਆ ਗਿਆ ਸੀ। ਹਾਲਾਂਕਿ ਇਸ ਧਮਾਕੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਪੰਪ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਤੋਂ ਬਾਅਦ ਡੀਲਰਾਂ ਅਤੇ ਉੱਥੇ ਕੰਮ ਕਰਦੇ ਕਰਮਚਾਰੀਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ।
ਰਾਜਪਾਲ ਨੂੰ ਲਿਖੀ ਚਿੱਠੀ
MPDF ਨੇ ਰਾਜਪਾਲ ਅਜੇ ਕੁਮਾਰ ਭੱਲਾ ਨੂੰ ਇੱਕ ਪੱਤਰ ਲਿਖ ਕੇ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ। ਸੰਸਥਾ ਨੇ ਕਿਹਾ ਕਿ ਹਾਲਾਂਕਿ ਪ੍ਰਸ਼ਾਸਨ ਨੇ ਸੁਰੱਖਿਆ ਦੇ ਕੁਝ ਕਦਮ ਚੁੱਕੇ ਹਨ, ਪਰ ਵੀਰਵਾਰ ਦੀ ਘਟਨਾ ਸਾਬਤ ਕਰਦੀ ਹੈ ਕਿ ਡੀਲਰ ਅਜੇ ਵੀ ਗੰਭੀਰ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ।
ਡੀਲਰਾਂ ਦੀਆਂ ਮੁੱਖ ਮੰਗਾਂ
ਤੇਲ ਡੀਲਰਾਂ ਨੇ ਹੜਤਾਲ ਖਤਮ ਕਰਨ ਲਈ ਸਰਕਾਰ ਅੱਗੇ ਕੁਝ ਸ਼ਰਤਾਂ ਰੱਖੀਆਂ ਹਨ। ਜਿਵੇਂ ਪੈਟਰੋਲ ਪੰਪਾਂ, ਡੀਲਰਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਵਿੱਚ ਤੁਰੰਤ ਵਾਧਾ ਕੀਤਾ ਜਾਵੇ। ਬੰਬ ਧਮਾਕੇ ਕਾਰਨ ਹੋਏ ਨੁਕਸਾਨ ਲਈ ਉਚਿਤ ਮੁਆਵਜ਼ਾ ਦਿੱਤਾ ਜਾਵੇ। ਸਰਕਾਰ ਭਵਿੱਖ ਵਿੱਚ ਅਗਵਾ ਜਾਂ ਹਿੰਸਕ ਘਟਨਾਵਾਂ ਦੀ ਪੂਰੀ ਜਵਾਬਦੇਹੀ ਲਵੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਰਤ ਵਿੱਚ ਵੱਧ ਤੋਂ ਵੱਧ ਮੁਆਵਜ਼ੇ ਦੀ ਗਾਰੰਟੀ ਦੇਵੇ। ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਇਨ੍ਹਾਂ ਮੰਗਾਂ ਦਾ "ਸੁਖਾਵਾਂ ਹੱਲ" ਨਹੀਂ ਨਿਕਲਦਾ, ਉਦੋਂ ਤੱਕ ਪੰਪ ਬੰਦ ਰਹਿਣਗੇ।