ਹੁਸ਼ਿਆਰਪੁਰ : ਪੰਜਾਬ ਭਰ ਵਿਚ ਭਾਰੀ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੁਸ਼ਿਆਰਪੁਰ-ਚਿੰਤਪੁਰਨੀ ਮਾਰਗ 'ਤੇ ਪਿੰਡ ਮੰਗੂਵਾਲ ਅੱਡੇ ਨੇੜੇ ਚਿੰਤਪੁਰਨੀ ਨੈਸ਼ਨਲ ਹਾਈਵੇਅ ਦਾ ਇਕ ਹਿੱਸਾ ਤੇਜ ਬਾਰਿਸ਼ ਦੇ ਪ੍ਰਭਾਵ ਕਾਰਨ ਖੱਡ ਵਿੱਚ ਰੁੜ੍ਹ ਗਿਆ।
ਦੱਸ ਦਈਏ ਕਿ ਇਹ ਹਾਈਵੇਅ ਪੰਜਾਬ ਦੇ ਵੱਡੇ ਹਿੱਸੇ ਨੂੰ ਹਿਮਾਚਲ ਨਾਲ ਜੋੜਦਾ ਹੈ ਅਤੇ ਜੇਕਰ 24 ਘੰਟਿਆਂ ਵਿਚ ਤੇਜ਼ ਬਾਰਿਸ਼ ਕਾਰਨ ਇਹ ਹਾਈਵੇਅ ਹੋਰ ਪ੍ਰਭਾਵਿਤ ਹੁੰਦਾ ਹੈ ਤਾਂ ਪੰਜਾਬ ਦਾ ਇਸ ਪਾਸਿਓਂ ਹਿਮਾਚਲ ਨਾਲ ਸੰਪਰਕ ਟੁੱਟ ਸਕਦਾ ਹੈ। ਇਸ ਦੇ ਨਾਲ ਹੀ ਹਿਮਾਚਲ ਵਾਲੇ ਪਾਸੇ ਨਾਲ ਹੁੰਦਾ ਵਪਾਰ ਵੀ ਪ੍ਰਭਾਵਿਤ ਹੋਵੇਗਾ। ਲੋਕਾਂ ਨੇ ਮੰਗ ਕੀਤੀ ਕਿ ਤੁਰੰਤ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਆ ਗਏ ਹਨ। ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਤਿੰਨੋਂ ਦਰਿਆਵਾਂ ਰਾਵੀ, ਸਤਲੁਜ ਅਤੇ ਬਿਆਸ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਚੱਕੀ ਰੇਲਵੇ ਪੁਲ ਨੂੰ ਨੁਕਸਾਨ ਪਹੁੰਚਣ ਕਾਰਨ ਪਠਾਨਕੋਟ-ਜਲੰਧਰ ਰੇਲਵੇ ਰੂਟ ਬੰਦ ਕਰ ਦਿੱਤਾ ਗਿਆ ਹੈ। ਰੂਟ ਨੂੰ ਡਾਇਵਰਟ ਕਰਕੇ ਰੇਲ ਗੱਡੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਨਾਲ 90 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਕੁਝ ਟਰੇਨਾਂ ਨੂੰ ਪਠਾਨਕੋਟ-ਅੰਮ੍ਰਿਤਸਰ-ਜਲੰਧਰ ਰੂਟ ਜ਼ਰੀਏ ਭੇਜਿਆ ਜਾ ਰਿਹਾ ਹੈ।