ਮੋਹਾਲੀ : ਮੋਹਾਲੀ 'ਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰਿਟਾਇਰਡ ਫ਼ੌਜੀ ਨੇ ਦੁਕਾਨਦਾਰ ਸਾਬਕਾ ਸਰਪੰਚ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਉਕਤ ਫ਼ੌਜੀ ਵੱਲੋਂ 6 ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਵਿਚੋਂ 3 ਗੋਲ਼ੀਆਂ ਸਾਬਕਾ ਸਰਪੰਚ 'ਤੇ ਲੱਗੀਆਂ। ਜ਼ਖ਼ਮੀ ਸਾਬਕਾ ਸਰਪੰਚ ਦੀ ਪਛਾਣ ਰਜਨੀਸ਼ ਕੁਮਾਰ ਵਜੋਂ ਹੋਈ ਹੈ।
ਉਕਤ ਘਟਨਾ ਮਾਜਰੀ ਦੇ ਪਿੰਡ ਫਤਿਰਪੁਰ ਸਿਆਲਵਾ ਵਿਖੇ ਵਾਪਰੀ। ਇਸ ਹਮਲੇ 'ਚ ਰਜਨੀਸ਼ ਕੁਮਾਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪੀ. ਜੀ. ਆਈ. ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜ਼ਖ਼ਮੀ ਦੇ ਭਰਾ ਵਿਨੋਦ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਮਨਿੰਦਰ ਸਿੰਘ ਫ਼ੌਜੀ ਸ਼ਰਾਬ ਪੀ ਕੇ ਬਾਜ਼ਾਰ ਵਿੱਚ ਖੁੜਦਮ ਮਚਾ ਰਿਹਾ ਸੀ, ਜਿਸ ਨੂੰ ਉਸ ਦੇ ਭਰਾ ਵੱਲੋਂ ਰੋਕਿਆ ਗਿਆ। ਉਸ ਸਮੇਂ ਤਾਂ ਮਨਿੰਦਰ ਸਿੰਘ ਚਲਾ ਗਿਆ ਮਗਰੋਂ ਘਰੋਂ ਆਪਣੀ ਰਾਈਫਲ ਲੈ ਕੇ ਆਇਆ ਅਤੇ ਉਸ ਨੇ ਰਜਨੀਸ਼ ਕੁਮਾਰ 'ਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਰਜਨੀਸ਼ ਕੁਮਾਰ ਜ਼ਖ਼ਮੀ ਹੋ ਗਿਆ। ਮਾਜਰੀ ਪੁਲਸ ਨੇ ਇਸ ਮਾਮਲੇ ਵਿੱਚ ਇਰਾਦਾ ਕਤਲ ਸਮੇਤ ਹੋਰਨਾਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ਉਤੇ ਪਹੁੰਚੀ ਅਤੇ ਸਾਬਕਾ ਫ਼ੌਜੀ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਕ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਬੈਠਾ ਸੀ। ਇਕ ਸਾਬਕਾ ਫ਼ੌਜੀ ਆਇਆ ਅਤੇ ਮਾਮੂਲੀ ਗੱਲ ਮਗਰੋਂ ਫਾਇਰਿੰਗ ਕਰ ਦਿੱਤੀ। ਇਕ ਗੁਆਂਢੀ ਦੁਕਾਨਦਾਰ ਨੇ ਕਿਹਾ ਕਿ ਉਹ ਗੋਲ਼ੀਆਂ ਦੀ ਆਵਾਜ਼ ਸੁਣ ਕੇ ਦੁਕਾਨ ਤੋਂ ਬਾਹਰ ਨਿਕਲਿਆ। ਉਸ ਨੇ ਵੇਖਿਆ ਕਿ ਜ਼ਖ਼ਮੀ ਵਿਅਕਤੀ ਦੇ ਪੇਟ 'ਚ ਗੋਲ਼ੀ ਲੱਗੀ ਹੋਈ ਸੀ। ਮੌਕੇ 'ਤੇ ਪਹੁੰਚੇ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਜਾਂਚ ਜਾਰੀ ਹੈ।
ਜੁੱਤੀਆਂ ਦੀ ਦੁਕਾਨ 'ਤੇ ਵਿਵਾਦ ਮਗਰੋਂ ਹੋਈ ਵਾਰਦਾਤ
ਪੁਲਸ ਮੁਤਾਬਕ ਮੁਲਜ਼ਮ ਰਿਟਾਇਰਡ ਫ਼ੌਜੀ ਮਨਿੰਦਰ ਪਾਲ ਸਿੰਘ ਮੌਜੂਦਾ ਸਮੇਂ 'ਚ ਚੰਡੀਗੜ੍ਹ 'ਚ ਸੁਰੱਖਿਆ ਗਾਰਡ ਦੀ ਨੌਕਰੀ ਕਰ ਰਿਹਾ ਹੈ। ਸ਼ਨੀਵਾਰ ਦੀ ਰਾਤ ਉਹ ਛੁੱਟੀ ਲੈ ਕੇ ਆਪਣੇ ਪਿੰਡ ਪਹੁੰਚਿਆ ਸੀ। ਪਿੰਡ ਦੇ ਬਾਜ਼ਾਰ ਵਿਚ ਰਜਨੀਸ਼ ਦੀ ਜੁੱਤੀਆਂ ਦੀ ਦੁਕਾਨ ਹੈ। ਇਥੇ ਕਿਸੇ ਗੱਲ ਨੂੰ ਲੈ ਕੇ ਰਜਨੀਸ਼ ਅਤੇ ਮਨਿੰਦਰ ਵਿਚਾਲੇ ਝਗੜਾ ਹੋ ਗਿਆ। ਇਸ ਦੇ ਬਾਅਦ ਉਹ ਘਰ ਚਲਾ ਗਿਆ ਪਰ ਕੁਝ ਦੇਰ ਬਾਅਦ ਮਨਿੰਦਰ ਪਾਲ ਸਿੰਘ ਆਪਣੀ ਲਾਇਸੈਂਸੀ 12 ਬੋਰ ਬੰਦੂਕ ਲੈ ਕੇ ਬਾਜ਼ਾਰ ਪਹੁੰਚਿਆ।
ਆਉਂਦੇ ਹੀ ਉਸ ਨੇ ਰਜਨੀਸ਼ 'ਤੇ ਫਾਇਰਿੰਗ ਕਰ ਦਿੱਤੀ। ਇਕ ਗੋਲ਼ੀ ਰਜਨੀਸ਼ ਦੇ ਪੇਟ ਅਤੇ ਦੂਜੀ ਗੋਲ਼ੀ ਉਸ ਦੇ ਹੱਥ ਵਿਚ ਲੱਗੀ। ਲੋਕਾਂ ਨੇ ਤੁਰੰਤ ਉਸ ਨੂੰ ਪੀ. ਜੀ. ਆਈ. ਪਹੁੰਚਾਇਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਗੋਲ਼ੀਬਾਰੀ ਨਿੱਜੀ ਝਗੜੇ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਦੋਸ਼ੀ ਦੇ ਹਥਿਆਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ।