ਜਲੰਧਰ : ਨੌਜਵਾਨ ਫ਼ਿਲਮ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਨਵੀਂ ਫ਼ਿਲਮ 'ਰਹਿਮਤ' ਨੂੰ 79ਵੇਂ ਲੋਕਾਰਨੋ ਫ਼ਿਲਮ ਉਤਸਵ ਦੇ ਮੁੱਖ ਮੁਕਾਬਲੇ ਲਈ ਚੁਣਿਆ ਗਿਆ ਹੈ। ਸਵਿੱਟਜ਼ਰਲੈਂਡ ਦੇ ਸ਼ਹਿਰ ਲਕਾਰਨੋ ਵਿਖੇ 5 ਤੋਂ 15 ਅਗਸਤ 2026 ਤੱਕ ਹੋਣ ਵਾਲੇ ਇਸ ਵਿਸ਼ਵ ਫ਼ਿਲਮ ਉਤਸਵ 'ਚ ਮੁੱਖ ਮੁਕਾਬਲੇ ਲਈ ਨਾਮਜ਼ਦ ਹੋਈਆਂ ਵਿਸ਼ਵ ਦੀਆਂ 10 ਫ਼ਿਲਮਾਂ ਵਿਚੋਂ 'ਰਹਿਮਤ' ਇਕ ਹੈ। ਇਹ ਫ਼ਿਲਮ ਪੰਜਾਬੀ ਲੇਖਿਕਾ ਅਜੀਤ ਕੌਰ ਦੀਆਂ ਪੰਜਾਬ ਸਬੰਧੀ ਤਿੰਨ ਆਪਸ 'ਚ ਜੁੜੀਆਂ ਕਹਾਣੀਆਂ 'ਤੇ ਆਧਾਰਿਤ ਹੈ। ਇਹ ਫ਼ਿਲਮ ਇਸ ਸਾਲ ਲੋਕਾਰਨੋ ਲਈ ਚੁਣੀ ਗਈ ਇਕਲੌਤੀ ਭਾਰਤੀ ਫੀਚਰ ਫ਼ਿਲਮ ਅਤੇ ਹੁਣ ਤੱਕ ਦੀ ਪਹਿਲੀ ਪੰਜਾਬੀ ਫ਼ਿਲਮ ਹੈ। ਉਤਸਵ ਦੌਰਾਨ ਇਸ ਦਾ ਵਿਸ਼ਵ ਪ੍ਰੀਮੀਅਰ ਸ਼ੋਅ 8000 ਸੀਟਾਂ ਵਾਲੇ ਪਿਆਜ਼ਾ ਗਰੈਂਡੇ (Piazza Grande) ਨਾਂ ਦੇ ਖੁੱਲ੍ਹੇ ਅਸਥਾਨ 'ਤੇ ਹੋਵੇਗਾ।
ਇਸ ਫ਼ਿਲਮ ਦੀ ਕਾਸਟ 'ਚ ਫ਼ਿਲਮ ਜਗਤ ਦੇ ਸੁਪ੍ਰਸਿੱਧ ਅਭਿਨੇਤਾ ਨਸੀਰੂਦੀਨ ਸ਼ਾਹ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਤੋਂ ਇਲਾਵਾ ਸੁਵਿੰਦਰ ਵਿੱਕੀ, ਮੀਤਾ ਵਸ਼ਿਸ਼ਟ, ਨਵਜੋਤ ਰੰਧਾਵਾ, ਦੀਆ ਕੰਬੋਜ, ਅਨੀਤਾ ਮੀਤ ਅਤੇ ਹਰਵਿੰਦਰ ਔਜਲਾ ਸ਼ਾਮਲ ਹਨ। 'ਰਹਿਮਤ' ਸਮਾਜਿਕ ਅਤੇ ਵਾਤਾਵਰਣ ਵਿਸ਼ਿਆਂ ਨੂੰ ਉਭਾਰਨ ਵਾਲੀਆਂ 13 ਫ਼ਿਲਮਾਂ 'ਚ ਵੀ ਸ਼ਾਮਲ ਹੈ, ਜੋ ਸਿਨੇਮਾ ਫਾਰ ਚੇਂਜ ਦੇ ਖ਼ਾਸ ਐਵਾਰਡ ਲਈ ਨਾਮਜ਼ਦ ਹਨ।
ਗੁਰਵਿੰਦਰ ਸਿੰਘ ਸਮੇਤ ਰਹਿਮਤ ਟੀਮ ਦੇ 7 ਮੈਂਬਰ ਇਸ ਅੰਤਰਰਾਸ਼ਟਰੀ ਫ਼ਿਲਮ ਉਤਸਵ ਵਿੱਚ ਹਿੱਸਾ ਲੈਣਗੇ, ਜੋ ਪੰਜ ਅਗਸਤ ਸ਼ਾਮ ਨੂੰ ਹੋਣ ਵਾਲੇ ਸਵਾਗਤੀ ਸਮਾਗਮ 'ਚ ਸ਼ਾਮਲ ਹੋਣਗੇ ਅਤੇ 6 ਅਗਸਤ ਨੂੰ ਪ੍ਰੀਮੀਅਰ ਸ਼ੋਅ ਵਾਲੇ ਦਿਨ ਦਰਸ਼ਕਾਂ, ਜਿਊਰੀ ਅਤੇ ਅੰਤਰਰਾਸ਼ਟਰੀ ਮੀਡੀਆ ਦੇ ਰੂ-ਬ-ਰੂ ਹੋਣਗੇ।
ਗੁਰਵਿੰਦਰ ਸਿੰਘ ਇਸ ਤੋਂ ਪਹਿਲਾਂ ਗੁਰਦਿਆਲ ਸਿੰਘ ਦੇ ਨਾਵਲਾਂ ਅਤੇ ਵਰਿਆਮ ਸੰਧੂ ਦੀਆਂ ਕਹਾਣੀਆਂ 'ਤੇ ਅਧਾਰਿਤ ਕਲਾ ਫ਼ਿਲਮਾਂ ਬਣਾ ਕੇ ਨਵੇਕਲੇ ਫ਼ਿਲਮ ਨਿਰਦੇਸ਼ਕ ਵਜੋਂ ਨਾਮਣਾ ਖੱਟ ਚੁੱਕੇ ਹਨ। ਉਨ੍ਹਾਂ ਨੂੰ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਇਸੇ ਸਾਲ ਪੰਜਾਬ ਗੌਰਵ (ਸਿਨਮਾ) ਐਵਾਰਡ ਦਿੱਤਾ ਗਿਆ। ਦਿਲਚਸਪ ਹੈ ਕਿ ਚੁਣੀ ਗਈ ਟੀਮ ਵਿੱਚ ਸ਼ਾਮਲ ਪੰਜਾਬੀ ਕਵੀ ਜਸਵੰਤ ਜ਼ਫ਼ਰ ਨੇ ਪਹਿਲੀ ਵਾਰ ਕਿਸੇ ਫੀਚਰ ਫ਼ਿਲਮ 'ਚ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਵੀ ਪਿਛਲੇ ਸਾਲ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਪੰਜਾਬ ਗੌਰਵ (ਸਾਹਿਤ) ਪੁਰਸਕਾਰ ਦਿੱਤਾ ਗਿਆ ਸੀ। ਨਿਰਦੇਸ਼ਕ ਗੁਰਵਿੰਦਰ ਸਿੰਘ ਦੇ ਕਹਿਣ ਮੁਤਾਬਕ 'ਰਹਿਮਤ' ਸਾਡੇ ਖਿੱਤੇ ਦੇ ਔਖੇ ਵੇਲਿਆਂ ਤਸਵੀਰਕਸ਼ੀ ਹੈ, ਜਿੱਥੇ ਰਾਜਨੀਤਿਕ ਅਤੇ ਧਾਰਮਿਕ ਟਕਰਾਅ ਦਾ ਬੋਲਬਾਲਾ ਸੀ। ਇਹ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਨੂੰ ਦਰਸਾਉਂਦੀ ਹੈ, ਜੋ ਉਨ੍ਹਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਦੇ ਵਿਚਕਾਰ ਫਸੇ ਹੋਏ ਹਨ। ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਉਹ ਉਮੀਦ, ਸਹਿਯੋਗ ਅਤੇ ਰਹਿਮਦਿਲੀ ਨਾਲ ਜ਼ਿੰਦਗੀ ਜਿਊਂਦੇ ਹਨ।