ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਨੇ ਸ਼ਨਿੱਚਰਵਾਰ ਨੂੰ ਆਮ ਆਦਮੀ ਕਲੀਨਿਕ, ਰਾਹੋਂ ਅਤੇ ਆਯੂਸ਼ਮਾਨ ਆਰੋਗਿਆ ਕੇਂਦਰ, ਕੋਟ ਰਾਂਝਾ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦਾ ਨਿਰੀਖਣ ਕੀਤਾ।
ਨਿਰੀਖਣ ਦੌਰਾਨ ਡਾ. ਸਤਿੰਦਰਜੀਤ ਕੌਰ ਨੇ ਓਪੀਡੀ ਸੇਵਾਵਾਂ, ਲੈਬ ਟੈਸਟਾਂ, ਦਵਾਈਆਂ ਦੀ ਉਪਲੱਬਧਤਾ, ਸਫ਼ਾਈ ਪ੍ਰਬੰਧਾਂ, ਰਿਕਾਰਡ ਦੀ ਸਾਂਭ-ਸੰਭਾਲ ਅਤੇ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਹਰ ਮਰੀਜ਼ ਨੂੰ ਸਮੇਂ ਸਿਰ, ਗੁਣਵੱਤਾ ਭਰਪੂਰ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪਹੁੰਚਾਇਆ ਜਾਵੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਿਲ ਰਹੀਆਂ ਸੇਵਾਵਾਂ ਬਾਰੇ ਫੀਡਬੈਕ ਵੀ ਪ੍ਰਾਪਤ ਕੀਤਾ ਅਤੇ ਸਟਾਫ ਨੂੰ ਲੋਕਾਂ ਨਾਲ ਨਿਮਰਤਾ, ਸੇਵਾ ਭਾਵਨਾ ਅਤੇ ਪੇਸ਼ੇਵਰ ਵਿਵਹਾਰ ਨਾਲ ਪੇਸ਼ ਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਨਾਗਰਿਕ ਤੱਕ ਗੁਣਵੱਤਾ ਭਰਪੂਰ ਅਤੇ ਭਰੋਸੇਯੋਗ ਸਿਹਤ ਸੇਵਾਵਾਂ ਪਹੁੰਚਾਉਣਾ ਹੈ।
ਅੰਤ ਵਿੱਚ ਡਾ. ਸਤਿੰਦਰਜੀਤ ਕੌਰ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨਾਲ ਸਬੰਧਤ ਕਿਸੇ ਵੀ ਸਮੱਸਿਆ ਲਈ ਸਭ ਤੋਂ ਪਹਿਲਾਂ ਆਪਣੇ ਨੇੜਲੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਅਤੇ ਉੱਥੇ ਉਪਲੱਬਧ ਮੁਫ਼ਤ ਜਾਂਚ, ਇਲਾਜ, ਦਵਾਈਆਂ ਅਤੇ ਹੋਰ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।