ਨਵੀਂ ਦਿੱਲੀ : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਰਕਾਰ ਨੇ ਬੁੱਧਵਾਰ ਨੂੰ ਇਕ ਵੱਡਾ ਕਦਮ ਚੁੱਕਦੇ ਹੋਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ ਕੀਤਾ ਅਤੇ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਸਾਬਕਾ ਮੁਖੀ ਆਲੋਕ ਜੋਸ਼ੀ ਨੂੰ ਇਸ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ। ਪੁਨਰਗਠਿਤ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦੇ 7 ਮੈਂਬਰਾਂ 'ਚ ਭਾਰਤੀ ਪੁਲਸ ਸੇਵਾ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਕਈ ਉੱਚ-ਪੱਧਰੀ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਅਧਿਕਾਰੀ ਸ਼ਾਮਲ ਹਨ। ਬੋਰਡ ਦੇ ਨਵੇਂ ਮੈਂਬਰਾਂ 'ਚ ਏਅਰ ਮਾਰਸ਼ਲ ਪੰਕਜ ਮੋਹਨ ਸਿਨਹਾ, ਲੈਫਟੀਨੈਂਟ ਜਨਰਲ ਏਕੇ ਸਿੰਘ, ਰੀਅਰ ਐਡਮਿਰਲ ਮੋਂਟੀ ਖੰਨਾ ਅਤੇ ਦੋ ਸਾਬਕਾ ਭਾਰਤੀ ਪੁਲਸ ਸੇਵਾ ਅਧਿਕਾਰੀ - ਰਾਜੀਵ ਰੰਜਨ ਵਰਮਾ ਅਤੇ ਮਨਮੋਹਨ ਸਿੰਘ ਸ਼ਾਮਲ ਹਨ।
ਇਸ ਤੋਂ ਇਲਾਵਾ, ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਬੀ ਵੈਂਕਟੇਸ਼ ਵਰਮਾ ਨੂੰ ਵੀ 7 ਮੈਂਬਰੀ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਅਤੇ ਦੇਸ਼ ਦੀ ਸੁਰੱਖਿਆ ਸਥਿਤੀ 'ਤੇ ਚਰਚਾ ਕਰਨ ਲਈ ਬੁਲਾਈ ਗਈ ਇਕ ਉੱਚ-ਪੱਧਰੀ ਮੀਟਿੰਗ 'ਚ ਲਿਆ ਗਿਆ। ਬੋਰਡ ਨੂੰ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪੁਨਰਗਠਨ ਕੀਤਾ ਗਿਆ ਹੈ ਕਿਉਂਕਿ ਇਹ ਲੰਬੇ ਸਮੇਂ ਦੇ ਰਣਨੀਤਕ ਵਿਸ਼ਲੇਸ਼ਣ ਪ੍ਰਦਾਨ ਕਰਨ ਅਤੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਸਰਕਾਰ ਨੂੰ ਨੀਤੀਆਂ ਦੀ ਸਿਫ਼ਾਰਸ਼ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।