ਖਰੜ (ਪ੍ਰੀਤ ਪੱਤੀ) : ਜੁਆਇੰਟ ਫੋਰਮ ਪੰਜਾਬ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸੱਦੇ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਖਰੜ ਅਤੇ ਲਾਲੜੂ ਡਿਵੀਜ਼ਨਾਂ ਦੇ 11 ਕੇ.ਵੀ ਫੀਡਰਾਂ ਦੇ ਕੰਮ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੇ ਫੈਸਲੇ ਦੇ ਵਿਰੋਧ ਵਿੱਚ ਬਿਜਲੀ ਕਾਮਿਆਂ ਵੱਲੋਂ ਸਿਟੀ -1 ਦਫਤਰ ਖਰੜ ਵਿਖੇ ਵਿਸ਼ਾਲ ਰੋਸ ਰੈਲੀ ਆਯੋਜਿਤ ਕੀਤੀ ਗਈ।
ਰੈਲੀ ਦੌਰਾਨ ਆਗੂਆਂ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੱਸਿਆ ਕਿ ਇਹ ਫੈਸਲਾ ਨਾ ਸਿਰਫ ਕਰਮਚਾਰੀਆਂ ਵਿਰੁੱਧ ਹੈ, ਸਗੋਂ ਪੂਰੇ ਪਬਲਿਕ ਸੈਕਟਰ ਨੂੰ ਖਤਰੇ ਵਿਚ ਪਾਉਣ ਵਾਲੀ ਨੀਤੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਿੱਚ ਤਕਨੀਕੀ ਕਰਮਚਾਰੀਆਂ ਦੀਆਂ 60% ਅਸਾਮੀਆਂ ਖਾਲੀ ਪਈਆਂ ਹਨ, ਪਰ ਨਵੀਆਂ ਭਰਤੀਆਂ ਕਰਨ ਦੀ ਬਜਾਏ ਕੰਮ ਨੂੰ ਠੇਕੇਦਾਰਾਂ ਰਾਹੀਂ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ ਕਰਮਚਾਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ, ਸਗੋਂ ਲਾਈਨਾਂ ਦੀ ਗੁਣਵੱਤਾ ਅਤੇ ਨਿਰਵਿਘਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਇਸ ਰੈਲੀ ਨੂੰ ਰਣਜੀਤ ਸਿੰਘ ਢਿੱਲੋਂ ਸੁਖਜਿੰਦਰ ਸਿੰਘ ਡਿਵੀਜ਼ਨ ਪ੍ਰਧਾਨ ਟੀ.ਐਸ.ਯੂ , ਦੀਦਾਰ ਸਿੰਘ ਫੈਡਰੇਸ਼ਨ ਏਟਕ, ਬਲਵਿੰਦਰ ਸਿੰਘ ਸਰਕਲ ਆਗੂ ਟੀ.ਐਸ.ਯੂ. ਗਗਨ ਰਾਣਾ ਫੈਡਰੇਸ਼ਨ ਏਟਕ, ਯੋਗਰਾਜ ਸਿੰਘ ਪ੍ਰਧਾਨ ਟੀ.ਐਸ.ਯੂ ਖਰੜ, ਮੈਡਮ ਰੰਜੂ ਐਮ ਐਸ ਯੂ ਖਰੜ, ਰਣਧੀਰ ਸਿੰਘ ਟੀ.ਐਸ.ਯੂ. ਬਲਵਿੰਦਰ ਸਿੰਘ ਰਡਿਆਲਾ, ਸ਼ੇਰ ਸਿੰਘ ਖਰੜ ਨੇ ਸੰਬੋਧਨ ਕੀਤਾ।
ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਮੈਨੇਜਮੈਂਟ ਵੱਲੋਂ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤੀਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਕਰਮਚਾਰੀਆਂ ਦੀ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਅਤੇ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਲੜੀ ਜਾ ਰਹੀ ਹੈ।
ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਹਿੱਸਾ ਲੈ ਕੇ ਸਰਕਾਰ ਵਿਰੁੱਧ ਗੁੱਸਾ ਜ਼ਾਹਿਰ ਕੀਤਾ ਅਤੇ ਨਿੱਜੀਕਰਨ ਦੀ ਨੀਤੀ ਵਿਰੁੱਧ ਸੰਘਰਸ਼ ਨੂੰ ਅੱਗੇ ਵੀ ਜਾਰੀ ਰੱਖਣ ਦਾ ਐਲਾਨ ਕੀਤਾ।