ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਪੁਲਸ ਨੇ ਥਾਣਿਆਂ 'ਤੇ ਗ੍ਰਨੇਡ ਹਮਲਿਆਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਗ੍ਰਿਫ਼ਤਾਰੀ ਤੋਂ ਬਾਅਦ ਵੀ ਬਾਜ਼ ਨਹੀਂ ਆਏ ਤੇ ਇਨ੍ਹਾਂ ਵਿਚੋਂ ਇਕ ਮੁਲਜ਼ਮ ਨੇ ਪੁਲਸ ਮੁਲਾਜ਼ਮ ਦਾ ਹੀ ਹਥਿਆਰ ਖੋਹ ਕੇ ਪੁਲਸ ਟੀਮ 'ਤੇ ਗੋਲ਼ੀਆਂ ਚਲਾ ਦਿੱਤੀਆਂ ਤੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਸ ਟੀਮ ਨੇ ਬੜੀ ਬਹਾਦਰੀ ਨਾਲ ਉਸ ਦੀ ਇਸ ਕੋਸ਼ਿਸ਼ ਨੂੰ ਵੀ ਨਾਕਾਮ ਕਰ ਦਿੱਤਾ। ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ੀ ਗੈਂਗਸਟਰ ਜੀਵਨ ਫ਼ੌਜੀ ਦੀ ਅਗਵਾਈ ਵਾਲੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਮਾਡਿਊਲ ਦੇ ਕਾਰਕੁੰਨ ਦੱਸੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਵੱਲੋਂ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, ISI ਦੇ ਸਮਰਥਨ ਵਾਲੇ ਵਿਦੇਸ਼ੀ ਗੈਂਗਸਟਰ ਜੀਵਨ ਫ਼ੌਜੀ ਦੀ ਅਗਵਾਈ ਵਾਲੇ BKI ਮਾਡਿਊਲ ਦੇ ਪੰਜ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਰੇਸ਼ ਕੁਮਾਰ ਉਰਫ਼ ਬੱਬੂ, ਅਭਿਨਵ ਭਗਤ ਉਰਫ਼ ਅਭੀ, ਅਜੈ ਕੁਮਾਰ ਉਰਫ਼ ਅੱਜੂ, ਸੰਨੀ ਕੁਮਾਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਇਕ ਨਾਬਾਲਗ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਦੋਸ਼ੀ ਗ੍ਰਨੇਡਾਂ ਨਾਲ ਪੁਲਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਰਗਰਮੀ ਨਾਲ ਸਾਜ਼ਿਸ਼ ਰਚ ਰਹੇ ਸਨ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਦੋਸ਼ੀ ਅਜੈ ਕੁਮਾਰ ਨੇ ਇਕ ਸਰਵਿਸ ਹਥਿਆਰ ਖੋਹ ਕੇ ਪੁਲਸ ਟੀਮ 'ਤੇ ਗੋਲ਼ੀਬਾਰੀ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਜਵਾਬੀ ਕਾਰਵਾਈ ਵਿਚ ਜ਼ਖ਼ਮੀ ਹੋ ਗਿਆ ਅਤੇ ਇਸ ਸਮੇਂ ਡਾਕਟਰੀ ਦੇਖਭਾਲ ਅਧੀਨ ਹੈ। ਮੁਲਜ਼ਮਾਂ ਕੋਲੋਂ ਇਕ ਗ੍ਰਨੇਡ ਅਤੇ ਇਕ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਸਲਾਮਾਬਾਦ ਪੁਲਸ ਸਟੇਸ਼ਨ ਵਿਖੇ FIR ਦਰਜ ਕੀਤੀ ਗਈ ਹੈ ਤੇ ਪੂਰੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਅੱਤਵਾਦੀ ਮਾਡਿਊਲਾਂ ਨੂੰ ਕੁਚਲਣ ਅਤੇ ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਵਿਚ ਦ੍ਰਿੜ ਹੈ।