ਸ਼੍ਰੀਨਗਰ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 'ਸ਼ੇਰਨੀ' ਦੱਸਦੇ ਹੋਏ ਕਿਹਾ ਕਿ ਤ੍ਰਿਣਮੂਲ ਕਾਂਗਰਸ ਮੁਖੀ 'ਬਹੁਤ ਬਹਾਦਰ' ਹੈ ਅਤੇ ਉਹ ਝੁਕੇਗੀ ਨਹੀਂ। ਮੁਫ਼ਤੀ ਵੀਰਵਾਰ ਨੂੰ ਕੋਲਕਾਤਾ 'ਚ ਰਾਜਨੀਤਕ ਸਲਾਹ-ਮਸ਼ਵਰਾ ਫਰਮ 'ਆਈ-ਪੈਕ' ਦੇ ਦਫ਼ਤਰ ਅਤੇ ਉਸ ਦੇ ਡਾਇਰੈਕਟਰ ਪ੍ਰਤੀਕ ਜੈਨ ਦੀ ਰਿਹਾਇਸ਼ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਕੀਤੀ ਗਈ ਛਾਪੇਮਾਰੀ 'ਤੇ ਪ੍ਰਤੀਕਿਰਿਆ ਦੇ ਰਹੀ ਸੀ। ਇਸ ਕਾਰਵਾਈ ਨਾਲ ਉਸ ਸਮੇਂ ਕਾਫ਼ੀ ਹੰਗਾਮਾ ਹੋਇਆ, ਜਦੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਛਾਪੇਮਾਰੀ ਸਥਾਨ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰੀ ਜਾਂਚ ਏਜੰਸੀ ਰਾਜ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਦੇ ਸੰਵੇਦਨਸ਼ੀਲ ਡਾਟਾ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਮੁਫ਼ਤੀ ਨੇ ਕਿਹਾ ਕਿ ਜੇਕਰ ਜੰਮੂ ਕਸ਼ਮੀਰ 'ਚ ਈਡੀ ਜਾਂ ਹੋਰ ਜਾਂਚ ਏਜੰਸੀਆਂ ਵਲੋਂ ਇਸ ਤਰ੍ਹਾਂ ਦੀ ਛਾਪੇਮਾਰੀ ਇਕ ਆਮ ਗੱਲ ਹੋ ਗਈ ਹੈ ਪਰ 'ਪੂਰਾ ਦੇਸ਼ ਹੁਣ ਇਸ ਦਾ ਸਵਾਦ ਚੱਖ ਰਿਹਾ ਹੈ'। ਉਨ੍ਹਾਂ ਨੇ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਖ਼ੁਦ ਦੀ, ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਦੀ ਗ੍ਰਿਫ਼ਤਾਰੀ ਬਾਰੇ ਕਿਹਾ,''ਜਦੋਂ ਧਾਰਾ 370 ਨੂੰ ਰੱਦ ਕੀਤਾ ਗਿਆ, ਉਦੋਂ ਛਾਪੇ ਮਾਰੇ ਗਏ ਸਨ ਅਤੇ ਤਿੰਨ ਮੁੱਖ ਮੰਤਰੀਆਂ ਨੂੰ ਜੇਲ੍ਹ 'ਚ ਸੁੱਟਿਆ ਗਿਆ ਸੀ, ਉਸ ਸਮੇਂ ਜ਼ਿਆਦਾਤਰ ਸਿਆਸੀ ਦਲਾਂ ਨੇ ਚੁੱਪੀ ਬਣਾਏ ਰੱਖੀ। ਹੁਣ ਇਹੀ ਸਥਿਤੀ ਪੂਰੇ ਦੇਸ਼ 'ਚ ਦੇਖਣ ਨੂੰ ਮਿਲ ਰਹੀ ਹੈ।'' ਪੀਡੀਪੀ ਮੁਖੀ ਨੇ ਕਿਹਾ,''ਮੈਨੂੰ ਉਮੀਦ ਹੈ ਕਿ ਬੈਨਰਜੀ ਬਹੁਤ ਬਹਾਦਰ ਹੈ, ਉਹ ਇਕ ਸ਼ੇਰਨੀ ਹੈ ਅਤੇ ਉਹ ਪ੍ਰਭਾਵੀ ਢੰਗ ਨਾਲ ਉਨ੍ਹਾਂ ਦਾ ਮੁਕਾਬਲਾ ਕਰੇਗੀ ਅਤੇ ਸਰੰਡਰ ਨਹੀਂ ਕਰੇਗੀ।''