ਨਵੀਂ ਦਿੱਲੀ : ਅਮੂਲ ਨੇ 4.1 ਅਰਬ ਅਮਰੀਕੀ ਡਾਲਰ ਦੇ ਬ੍ਰਾਂਡ ਮੁੱਲ ਦੇ ਨਾਲ ਭਾਰਤ ਦੇ ਟਾਪ ਫੂਡ ਬ੍ਰਾਂਡ ਦੇ ਰੂਪ ’ਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਦਿੱਲੀ-ਐੱਨ. ਸੀ. ਆਰ. ਸਥਿਤ ਮਦਰ ਡੇਅਰੀ 1.15 ਅਰਬ ਡਾਲਰ ਦੇ ਬ੍ਰਾਂਡ ਮੁੱਲ ਦੇ ਨਾਲ ਦੂਜੇ ਸਥਾਨ ’ਤੇ ਹੈ। ਬ੍ਰਾਂਡ ਫਾਈਨਾਂਸ ਦੀ ਤਾਜ਼ਾ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਭਾਰਤ ਦੇ ਟਾਪ ਫੂਡ ਬ੍ਰਾਂਡ ਦੀ ਸੂਚੀ ’ਚ ਬਿਰਟਾਨੀਆ ਤੀਜੇ ਸਥਾਨ ’ਤੇ ਰਹੀ, ਜਦੋਂਕਿ ਕਰਨਾਟਕ ਸਥਿਤ ਸਹਿਕਾਰੀ ਡੇਅਰੀ ਨੰਦਿਨੀ ਚੌਥੇ ਸਥਾਨ ’ਤੇ ਅਤੇ ਡਾਬਰ 5ਵੇਂ ਸਥਾਨ ’ਤੇ ਹੈ।
ਅਮੂਲ ਬ੍ਰਾਂਡ ਤਹਿਤ ਮਾਰਕੀਟਿੰਗ ਕਰਨ ਵਾਲੇ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ (ਜੀ. ਸੀ. ਐੱਮ. ਐੱਮ. ਐੱਫ.) ਨੇ ਬਿਆਨ ’ਚ ਕਿਹਾ ਕਿ ਬ੍ਰਾਂਡ ਫਾਈਨਾਂਸ ਇੰਡੀਆ 100-2025 ਰਿਪੋਰਟ ਅਨੁਸਾਰ, ਅਮੂਲ ਨੇ ਭਾਰਤ ਦੇ ਟਾਪ ਫੂਡ ਬ੍ਰਾਂਡ ਦੇ ਰੂਪ ’ਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ । ਮਦਰ ਡੇਅਰੀ ਨੇ ਇਕ ਵੱਖ ਬਿਆਨ ’ਚ ਕਿਹਾ ਕਿ ਭਾਰਤ ਦੇ ਟਾਪ 5 ਫੂਡ ਬ੍ਰਾਂਡਾਂ ’ਚ ਉਸ ਨੂੰ ਦੂਜਾ ਸਥਾਨ ਮਿਲਿਆ ਹੈ, ਜਦੋਂਕਿ ਇਸ ਤੋਂ ਪਿਛਲੇ ਸਾਲ ਉਸ ਦਾ ਤੀਜਾ ਸਥਾਨ ਸੀ।