ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਅਮਿਤ ਸਾਟਮ ਨੇ ਐਤਵਾਰ ਨੂੰ ਸ਼ਿਵ ਸੈਨਾ (ਯੂ.ਬੀ.ਟੀ.) ਦੇ ਪ੍ਰਧਾਨ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ’ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਸਾਟਮ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਟਿੱਪਣੀਆਂ ਰਾਹੀਂ ‘ਮਰਾਠੀ ਭਾਈਚਾਰੇ ਦਾ ਅਪਮਾਨ’ ਕੀਤਾ ਹੈ।
ਸਾਟਮ ਦੀਆਂ ਇਹ ਟਿੱਪਣੀਆਂ ਠਾਕਰੇ ਦੇ ਉਸ ਦਾਅਵੇ ਦਰਮਿਆਨ ਆਈਆਂ ਹਨ ਕਿ ਜੇਕਰ ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਦਾ ਖਰਚਾ ਬਜਟ 15,000 ਕਰੋੜ ਰੁਪਏ ਸੀ, ਤਾਂ ਵੱਖ-ਵੱਖ ਕੰਮਾਂ ਲਈ ਠੇਕੇਦਾਰਾਂ ਨੂੰ ਪੇਸ਼ਗੀ ਵਜੋਂ ਦਿੱਤੀ ਜਾਣ ਵਾਲੀ ਰਾਸ਼ੀ ਤਿੰਨ ਲੱਖ ਕਰੋੜ ਰੁਪਏ ਹੈ, ਜੋ ਕਿ ਇਕ ‘ਘਪਲਾ’ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਲਈ ਰਿਸ਼ਵਤ ਦੇ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਜਪਾ ਦੀ ਮੁੰਬਈ ਇਕਾਈ ਦੇ ਪ੍ਰਧਾਨ ਸਾਟਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਠਾਕਰੇ 3 ਲੱਖ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਸਨ। ਸਾਟਮ ਨੇ ਠਾਕਰੇ ਦੇ ਇਕ ਤਾਜ਼ਾ ਵਿਅੰਗ ਦੀ ਵੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਟਿੱਪਣੀ ਨਿੱਜੀ ਅਪਮਾਨ ਨਹੀਂ, ਸਗੋਂ ਹਰ ਮਰਾਠੀ ਵਿਅਕਤੀ ਦਾ ਅਪਮਾਨ ਹੈ।
ਸਾਟਮ ਨੇ ਦਾਅਵਾ ਕੀਤਾ ਕਿ ਭਾਵੇਂ ਪਿਛਲੇ 10 ਸਾਲਾਂ ’ਚ ਸੜਕਾਂ ’ਤੇ 21,000 ਕਰੋੜ ਰੁਪਏ ਖਰਚ ਕੀਤੇ ਗਏ ਸਨ ਪਰ ਸ਼ਹਿਰ ਦੀ ਹਾਲਤ ਅਜਿਹੀ ਸੀ ਕਿ ‘ਇਹ ਦੱਸਣਾ ਮੁਸ਼ਕਲ ਸੀ ਕਿ ਸੜਕਾਂ ’ਤੇ ਟੋਏ ਹਨ ਜਾਂ ਟੋਇਆਂ ਦੇ ਅੰਦਰ ਸੜਕਾਂ ਹਨ’।