ਸਮਰਾਲਾ : ਸਮਰਾਲਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵਿਚਾਲੇ ਬੰਦ ਕਮਰਾ ਮੀਟਿੰਗ ਹੋਈ, ਜਿਸ ਨਾਲ ਸਿਆਸਤ ਵਿਚ ਇਕ ਨਵੀਂ ਹਲਚਲ ਸ਼ੁਰੂ ਹੋ ਗਈ ਹੈ। ਸੁਖਬੀਰ ਸਿੰਘ ਬਾਦਲ ਅੱਜ ਸਮਰਾਲਾ ਵਿਚ ਰਾਜੇਵਾਲ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਤੇ ਉਨ੍ਹਾਂ ਵਿਚਾਲੇ ਬੰਦ ਕਮਰਾ ਮੀਟਿੰਗ ਹੋਈ। ਇਹ ਮੀਟਿੰਗ ਤਕਰੀਬਨ ਪੌਣਾ ਘੰਟਾ ਚੱਲੀ, ਜਿਸ ਵਿਚ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਰਹੇ।
ਹਾਲਾਂਕਿ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਉਹ ਬਲਬੀਲ ਸਿੰਘ ਰਾਜੇਵਾਲ ਦੀ ਸਿਹਤ ਦਾ ਹਾਲ ਜਾਨਣ ਲਈ ਆਏ ਸਨ। ਰਾਜੇਵਾਲ ਦੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲ ਕਰੀਬੀ ਸਬੰਧ ਸਨ। ਜਦੋਂ ਵੀ ਖੇਤੀਬਾੜੀ ਜਾਂ ਪੰਜਾਬ ਨੂੰ ਲੈ ਕੇ ਕੋਈ ਸਲਾਹ ਲੈਣੀ ਹੁੰਦੀ ਸੀ ਤਾਂ ਪ੍ਰਕਾਸ਼ ਬਾਦਲ ਉਨ੍ਹਾਂ ਨਾਲ ਗੱਲ ਕਰਦੇ ਸਨ। ਸੁਖਬੀਰ ਨੇ ਕਿਹਾ ਕਿ ਉਹ ਵੀ ਖੇਤੀਬਾੜੀ ਨੂੰ ਲੈ ਕੇ ਚਰਚਾ ਲਈ ਆਏ ਸਨ ਕਿ ਕਿਵੇਂ ਖੇਤੀਬਾੜੀ ਨੂੰ ਮੁਨਾਫ਼ੇ ਦਾ ਧੰਦਾ ਬਣਾਇਆ ਜਾ ਸਕਦਾ ਹੈ ਤੇ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਸੁਖਬੀਰ ਨੇ ਕਿਹਾ ਕਿ ਰਾਜੇਵਾਲ ਖੇਤੀਬਾੜੀ ਦਾ ਨਾਲੇਜ ਦਾ ਖਜ਼ਾਨਾ ਹਨ ਤੇ ਉਹ ਉਨ੍ਹਾਂ ਤੋਂ ਸਿੱਖਣ ਲਈ ਆਏ ਸਨ। ਇਸ ਦੌਰਾਨ ਕੋਈ ਸਿਆਸੀ ਚਰਚਾ ਨਹੀਂ ਹੋਈ।
ਉੱਥੇ ਹੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਨਿੱਜੀ ਮੁਲਾਕਾਤ ਸੀ। ਪਰ ਇਸ ਦੌਰਾਨ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੇ ਟੁੱਟਣ ਤੇ ਵੱਖਰਾ ਅਕਾਲੀ ਦਲ ਬਣਨ 'ਤੇ ਮੈਂ ਇਹ ਰਾਏ ਜ਼ਰੂਰ ਦਿੱਤੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦੋਹਾਂ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੋਈ ਸਿਆਸੀ ਚਰਚਾ ਨਹੀਂ ਹੋਈ।