ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਜਹਾਜ਼ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਉਨ੍ਹਾਂ ਦੇ ਭਤੀਜੇ ਅਤੇ ਵਿਧਾਇਕ ਰੋਹਿਤ ਪਵਾਰ ਨੇ ਇੱਕ ਵਾਰ ਫਿਰ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਸ਼ਨੀਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਰੋਹਿਤ ਪਵਾਰ ਨੇ ਡੀ.ਜੀ.ਸੀ.ਏ. ਅਤੇ ਨਿੱਜੀ ਹਵਾਬਾਜ਼ੀ ਕੰਪਨੀ 'ਤੇ ਗੰਭੀਰ ਸਵਾਲ ਚੁੱਕਦਿਆਂ ਇਸ ਪੂਰੇ ਮਾਮਲੇ ਨੂੰ ਇੱਕ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ।
ਰੋਹਿਤ ਪਵਾਰ ਨੇ ਇਸ ਹਾਦਸੇ ਲਈ ਨੈਤਿਕ ਜ਼ਿੰਮੇਵਾਰੀ ਤੈਅ ਕਰਦਿਆਂ ਕੇਂਦਰੀ ਨਾਗਰਿਕ ਉੱਡਣ ਮੰਤਰੀ ਰਾਮ ਮੋਹਨ ਨਾਇਡੂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਵੀ.ਐਸ.ਆਰ. ਕੰਪਨੀ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਹੈ, ਉਸ ਨੂੰ ਸੱਤਾਧਾਰੀ ਪਾਰਟੀਆਂ ਨਾਲ ਜੁੜੇ ਬਹੁਤ ਪ੍ਰਭਾਵਸ਼ਾਲੀ ਲੋਕਾਂ ਦੀ ਸਰਪ੍ਰਸਤੀ ਹਾਸਲ ਹੈ। ਉਨ੍ਹਾਂ ਕਿਹਾ ਕਿ ਡੀ.ਜੀ.ਸੀ.ਏ. ਦੇ ਕੁਝ ਅਧਿਕਾਰੀ ਵੀ ਸਬੰਧਤ ਕੰਪਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹਾਦਸੇ ਦੀ ਜਾਂਚ 'ਤੇ ਸ਼ੱਕ ਜ਼ਾਹਰ ਕਰਦਿਆਂ ਰੋਹਿਤ ਪਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਕੱਠੇ ਕੀਤੇ ਤੱਥਾਂ ਅਨੁਸਾਰ ਹਾਦਸੇ ਦੇ ਸਮੇਂ ਜਹਾਜ਼ ਵਿੱਚ ਇੱਕ ਨਹੀਂ, ਸਗੋਂ ਕਈ ਧਮਾਕੇ ਹੋਏ ਸਨ। ਜਹਾਜ਼ ਦੇ ਬਲੈਕ ਬਾਕਸ ਨੂੰ ਲੈ ਕੇ ਵੀ ਉਨ੍ਹਾਂ ਨੇ ਸ਼ੱਕ ਜ਼ਾਹਰ ਕੀਤਾ ਹੈ। ਜਹਾਜ਼ ਦੀ ਮੇਨਟੇਨੈਂਸ (ਰੱਖ-ਰਖਾਅ) ਵਿੱਚ ਗੰਭੀਰ ਖਾਮੀਆਂ ਸਨ। ਹਾਦਸੇ ਵਾਲੀ ਥਾਂ 'ਤੇ ਵਾਧੂ ਪੈਟਰੋਲ ਦੇ ਕੈਨ ਮੌਜੂਦ ਸਨ, ਜਿਸ ਕਾਰਨ ਭਿਆਨਕ ਅੱਗ ਲੱਗੀ।
NCP (SP) ਆਗੂ ਨੇ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੀ ਅਜੀਤ ਪਵਾਰ ਨੂੰ ਨਿਆਂ ਦਿਵਾ ਸਕਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਨੂੰ ਈਮੇਲ ਰਾਹੀਂ ਪੱਤਰ ਲਿਖ ਕੇ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਦੀ ਮੰਗ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਣ।
ਰੋਹਿਤ ਪਵਾਰ ਨੇ ਸਪੱਸ਼ਟ ਕੀਤਾ ਕਿ ਇਹ ਸਾਜ਼ਿਸ਼ ਸਿਆਸੀ ਜਾਂ ਵਪਾਰਕ ਹੋ ਸਕਦੀ ਹੈ ਅਤੇ ਉਹ ਇਸ ਦੀ ਸੱਚਾਈ ਸਾਹਮਣੇ ਲਿਆ ਕੇ ਹੀ ਦਮ ਲੈਣਗੇ। ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਵਿੱਚ ਬੈਠੇ ਕਈ ਲੋਕ ਕੰਪਨੀ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਹੇ ਹਨ।