ਨਵੀਂ ਦਿੱਲੀ : ਬੈਂਕਿੰਗ ਅਤੇ ਵਿੱਤੀ ਧੋਖਾਦੇਹੀ ਸਲਾਹਕਾਰ ਬੋਰਡ ਦਾ 2 ਸਾਲਾਂ ਲਈ ਪੁਨਰਗਠਨ ਕੀਤਾ ਗਿਆ ਹੈ। ਸਾਬਕਾ ਕੇਂਦਰੀ ਵਿਜੀਲੈਂਸ ਕਮਿਸ਼ਨਰ (ਸੀ. ਵੀ. ਸੀ.) ਸੁਰੇਸ਼ ਐੱਨ. ਪਟੇਲ ਨੂੰ ਇਸ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਧੋਖਾਦੇਹੀ ਦੇ ਮਾਮਲਿਆਂ ’ਚ ਚੋਟੀ ਦੇ ਬੈਂਕ ਅਧਿਕਾਰੀਆਂ ਜਾਂ ਵਿੱਤੀ ਸੰਸਥਾਨਾਂ ਦੀ ਭੂਮਿਕਾ ਦੀ ਜਾਂਚ ਕਰਨ ਵਾਲੀ ਕਮੇਟੀ ਹੈ।
ਬੈਂਕਿੰਗ ਅਤੇ ਵਿੱਤੀ ਧੋਖਾਦੇਹੀ ਸਲਾਹਕਾਰ ਬੋਰਡ (ਏ. ਬੀ. ਬੀ. ਐੱਫ. ਐੱਫ.) ਦਾ 21 ਅਗਸਤ ਤੋਂ 2 ਸਾਲਾਂ ਲਈ ਪੁਨਰਗਠਨ ਕੀਤਾ ਗਿਆ ਹੈ। ਬੋਰਡ ਦੇ ਮੈਂਬਰਾਂ ’ਚ ਸਾਬਕਾ ਸੈਨਿਕ ਭਲਾਈ ਵਿਭਾਗ ਦੇ ਸਾਬਕਾ ਸਕੱਤਰ ਰਵੀਕਾਂਤ, ਸਰਹੱਦੀ ਸੁਰੱਖਿਆ ਬਲ ਦੇ ਸਾਬਕਾ ਡਾਇਰੈਕਟਰ ਜਨਰਲ ਰਜਨੀ ਕਾਂਤ ਮਿਸ਼ਰਾ, ਭਾਰਤੀ ਸਟੇਟ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਆਲੋਕ ਕੁਮਾਰ ਚੌਧਰੀ ਅਤੇ ਨੈਸ਼ਨਲ ਹਾਊਸਿੰਗ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਸ਼ਾਰਦਾ ਕੁਮਾਰ ਹੋਤਾ ਸ਼ਾਮਲ ਹਨ।