ਅੰਮ੍ਰਿਤਸਰ : ਬਰਸਾਤ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ 7 ਸਤੰਬਰ ਤੱਕ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲਾਂ ’ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਉਕਤ ਨਿਰਧਾਰਤ ਸਮੇਂ ’ਚ ਸਕੂਲਾਂ ਅੰਦਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਆਉਣ ’ਤੇ ਮੁਕੰਮਲ ਰੋਕ ਲਾਈ ਗਈ ਹੈ । ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਸਕੂਲ ਮੁਖੀ ਨਿਰਧਾਰਿਤ ਸਮੇਂ ’ਚ ਵਿਦਿਆਰਥੀ ਅਤੇ ਅਧਿਆਪਕ ਨੂੰ ਸਕੂਲ ਬੁਲਾਉਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬਰਸਾਤ ਦੇ ਮੱਦੇਨਜ਼ਰ 7 ਸਤੰਬਰ ਤੱਕ ਸਮੂਹ ਸਕੂਲਾਂ ਨੂੰ ਜ਼ਿਲ੍ਹੇ ’ਚ ਛੁੱਟੀਆਂ ਕੀਤੀਆਂ ਗਈਆਂ ਹਨ। ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਸਮੇਂ ’ਚ ਨਾ ਤਾਂ ਵਿਦਿਆਰਥੀ ਨਾ ਹੀ ਅਧਿਆਪਕ ਨੂੰ ਸਕੂਲ ’ਚ ਬੁਲਾਇਆ ਜਾਵੇ। ਜੇਕਰ ਕੋਈ ਸਕੂਲ ਅਜਿਹਾ ਕਰਦਾ ਹੈ ਤਾਂ ਸਕੂਲ ਮੁਖੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਿਪਟੀ ਡੀ. ਈ. ਓ. ਦੀ ਅਗਵਾਈ ’ਚ ਜ਼ਿਲ੍ਹੇ ’ਚ ਵਿਸ਼ੇਸ਼ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਅਤੇ ਬਲਾਕ ਪੱਧਰ ’ਤੇ ਸਰਕਾਰੀ ਸਕੂਲ ਮੁਖੀਆਂ ਦੀ ਡਿਊਟੀ ਲਾਈ ਗਈ ਹੈ। ਉਹ ਯਕੀਨੀ ਬਣਾਉਣਗੇ ਕਿ ਸਰਕਾਰੀ ਹੁਕਮਾਂ ਦੀ ਇਨ -ਬਿਨ ਪਾਲਨਾ ਹੋਵੇ। ਜੋ ਵੀ ਸਕੂਲ ਉਨ੍ਹਾਂ ਦੇ ਏਰੀਏ ’ਚ ਖੁੱਲ੍ਹਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।